Farmer's Protest : ਦਿੱਲੀ ਲਈ ਰਵਾਨਾ ਹੋਏ ਕਾਫਲੇ ’ਚ ਸ਼ਾਮਲ ਟਰੈਕਟਰ-ਟਰਾਲੀ ਨਾਲ ਵਾਪਰੇ ਹਾਦਸੇ 'ਚ ਪਿੰਡ ਸੰਗਵਾਂ ਦੇ ਕਿਸਾਨ ਦੀ ਮੌਤ
ਜ਼ਖਮੀਆਂ ਨੂੰ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਥਾ ਹਰੀਕੇ ਪੱਤਣ ਤੋਂ ਦਿੱਲੀ ਲਈ ਰਵਾਨਾ ਹੋਇਆ ਜਿਸ ਨੇ ਰਾਤ ਨੂੰ ਸ਼ਾਹਬਾਦ ਦੇ ਗੁਰਦੁਆਰਾ ਸਾਹਿਬ ਵਿਖੇ ਠਹਿਰਣਾ ਸੀ।
Publish Date: Sun, 26 Sep 2021 05:57 PM (IST)
Updated Date: Mon, 27 Sep 2021 07:10 AM (IST)
ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਤੋ ਦਿੱਲੀ ਅੰਦੋਲਨ ਲਈ ਰਵਾਨਾ ਹੋਏ ਕਿਸਾਨਾਂ ਮਜ਼ਦੂਰਾਂ ਦੇ ਕਾਫਲੇ ’ਚ ਸ਼ਾਮਲ ਇਕ ਟਰਾਲੀ ਹਾਦਸਾਗ੍ਰਸਤ ਹੋਣ ਕਰਕੇ ਨੌਜਵਾਨ ਕਿਸਾਨ ਦੀ ਮੌਕੇ ’ਤੇ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖ਼ਮੀ ਹੋਏ ਹਨ।
ਜ਼ਖਮੀਆਂ ਨੂੰ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਥਾ ਹਰੀਕੇ ਪੱਤਣ ਤੋਂ ਦਿੱਲੀ ਲਈ ਰਵਾਨਾ ਹੋਇਆ ਜਿਸ ਨੇ ਰਾਤ ਨੂੰ ਸ਼ਾਹਬਾਦ ਦੇ ਗੁਰਦੁਆਰਾ ਸਾਹਿਬ ਵਿਖੇ ਠਹਿਰਣਾ ਸੀ। ਐਤਵਾਰ ਤੜਕਸਾਰ ਹਰਜਿੰਦਰ ਸਿੰਘ ਬੱਗਾ ਪੁੱਤਰ ਤਰਸੇਮ ਸਿੰਘ ਵਾਸੀ ਸੰਗਵਾਂ ਜ਼ਿਲ੍ਹਾ ਤਰਨਤਾਰਨ ਦੇ ਟਰੈਕਟਰ ਨੂੰ ਕੈਂਟਰ ਨੇ ਪਿੱਛੋਂ ਟੱਕਰ ਮਾਰ ਦਿੱਤੀ।
ਹਾਦਸੇ ’ਚ ਚਾਲਕ ਹਰਜਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਤੇ ਉਸ ਦੇ ਨਾਲ ਬੈਠੈ ਕੰਵਲਜੀਤ ਸਿੰਘ ਅਤੇ ਸਰਵਣ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਥੇਬੰਦੀ ਦੇ ਸੰਗਠਨ ਸਕੱਤਰ ਸਿੰਘ ਸੁਖਵਿੰਦਰ ਸਿੰਘ ਸਭਰਾ ਨੇ ਦੱਸਿਆ ਕਿ ਮਿ੍ਰਤਕ ਦੇਹ ਪੋਸਟਮਾਰਟਮ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਵਾਪਸ ਪੰਜਾਬ ਲਿਆਂਦੀ ਜਾਵੇਗੀ।
ਪੰਜਾਬ ਸਰਕਾਰ ਕਰੇ ਪੀੜ੍ਹਤਾਂ ਦੀ ਮਾਲੀ ਮਦਦ : ਸਭਰਾਂ
ਇਸ ਸਬੰਧੀ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਸੰਗਠਨ ਸਕੱਤਰ ਜਥੇਦਾਰ ਸੁਖਵਿੰਦਰ ਸਿੰਘ ਸਭਰਾਂ ਨੇ ਕਿਹਾ ਕਿ ਮ੍ਰਿਤਕ ਹਰਜਿੰਦਰ ਸਿੰਘ ਦੇ ਸਮੁੱਚੇ ਕਰਜ਼ੇ ਤੇ ਬਿਨਾਂ ਸ਼ਰਤ ਲਕੀਰ ਫੇਰੀ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜ਼ਖ਼ਮੀਆਂ ਦੀ ਹਰ ਸੰਭਵ ਮਾਲੀ ਮਦਦ ਨੂੰ ਯਕੀਨੀ ਬਣਾਇਆ ਜਾਵੇ।