ਆਮ ਆਦਮੀ ਪਾਰਟੀ ਦੇ ਜਿਮਨੀ ਚੋਣ ਲਈ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਪਹੁੰਚੇ ਮੁੱਖ ਮੰਤਰੀ ਨਾਲ ਸਵਾਲ ਜਵਾਬ ਕਰਨ ਲਈ ਉਨ੍ਹਾਂ ਦੇ ਰੋਡ ਸ਼ੋਅ ਵੱਲ ਵਧ ਰਹੇ ਕਿਸਾਨਾਂ ਨੂੰ ਪੁਲਿਸ ਨੇ ਸਥਾਨਕ ਸਰਹਾਲੀ ਰੋਡ ’ਤੇ ਰੋਕ ਲਿਆ
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਦੇ ਜਿਮਨੀ ਚੋਣ ਲਈ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਪਹੁੰਚੇ ਮੁੱਖ ਮੰਤਰੀ ਨਾਲ ਸਵਾਲ ਜਵਾਬ ਕਰਨ ਲਈ ਉਨ੍ਹਾਂ ਦੇ ਰੋਡ ਸ਼ੋਅ ਵੱਲ ਵਧ ਰਹੇ ਕਿਸਾਨਾਂ ਨੂੰ ਪੁਲਿਸ ਨੇ ਸਥਾਨਕ ਸਰਹਾਲੀ ਰੋਡ ’ਤੇ ਰੋਕ ਲਿਆ। ਜਿਸਦੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਕੁਝ ਦੇਰ ਦੇ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਕਿਸਾਨਾਂ ਨੂੰ ਉਥੇ ਰੋਕਣ ਵਿਚ ਸਫਲ ਹੋ ਗਈ ਤਾਂ ਕਿਸਾਨਾਂ ਨੇ ਉਥੇ ਹੀ ਧਰਨਾ ਲਗਾ ਕੇ ਕਾਲੀਆਂ ਝੰਡੀਆਂ ਲਹਿਰਾਈਆਂ ਤੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ।
ਇਸ ਕਾਫਲੇ ਦੀ ਅਗਵਾਈ ਕਰ ਰਹੇ ਕਿਸਾਨ, ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਨ ਲਈ ਜਥੇਬੰਦੀ ਨੇ ਪ੍ਰੋਗਰਾਮ ਉਲੀਕਿਆ ਸੀ। ਜਿਸ ਸਬੰਧੀ ਪੱਟੀ ਮੋੜ ’ਤੇ ਪਿੰਡ ਰਸੂਲਪੁਰ ਨਹਿਰਾਂ ਦੇ ਗੁਰਦੁਆਰਾ ਗੁਰੂ ਸਰ ਸਾਹਿਬ ਵਿਖੇ ਵੱਡਾ ਇਕੱਠ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਦੇ ਦਰਵਾਜੇ ’ਤੇ ਹੀ ਬੈਰੀਕੇਟਿੰਗ ਕਰਕੇ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਬੈਰੀਕੇਟ ਪੁੱਟ ਕੇ ਸੁੱਟ ਦਿੱਤੇ ਅਤੇ ਤਰਨਤਾਰਨ ਸ਼ਹਿਰ ਵੱਲ ਚੱਲ ਪਏ। ਐੱਸਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਇਕੱਤਰ ਪੁਲਿਸ ਪ੍ਰਸ਼ਆਸਨ ਨੇ ਸਰਹਾਲੀ ਰੋਡ ਟੀ ਪਵਾਇੰਟ ’ਤੇ ਫਿਰ ਬੈਰੀਕੇਟਿੰਗ ਕਰਕੇ ਕਿਸਾਨਾਂ ਦੀ ਖਿੱਚ ਧੂਹ ਕੀਤੀ। ਪਰ ਕਿਸਾਨ ਇਹ ਬੈਰੀਕੇਟ ਵੀ ਪਾਰ ਕਰ ਗਏ ਅਤੇ ਅੱਗੇ ਵਧਦਿਆਂ ਨੂੰ ਹੋਰ ਪੁਲਿਸ ਬਲ ਨੇ ਜੋਧਪੁਰ ਮੋੜ ਤੋਂ ਪਹਿਲਾਂ ਹੀ ਰੋਕ ਲਿਆ। ਜਿਸਦੇ ਚੱਲਦਿਆਂ ਕਿਸਾਨਾਂ ਉਥੇ ਹੀ ਧਰਨਾ ਲਗਾ ਦਿੱਤਾ। ਸਤਨਾਮ ਸਿੰਘ ਮਾਣੋਚਾਹਲ ਤੋਂ ਇਲਾਵਾ ਜਨਰਲ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਫਤਹਿ ਸਿੰਘ ਪਿੱਦੀ ਅਤੇ ਜਰਨੈਲ ਸਿੰਘ ਨੂਰਦੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਆਮਦ ’ਤੇ ਪੁਲਿਸ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੈ, ਜਿਸਦੀ ਉਹ ਨਿਖੇਧੀ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਤਾਂ ਆਪਣੇ ਸਵਾਲਾਂ ਦੇ ਜਵਾਬ ਹੀ ਲੈਣੇ ਸਨ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਜਿਸਦੇ ਚੱਲਦਿਆਂ ਉਨ੍ਹਾਂ ਨੇ ਉਥੇ ਹੀ ਕਾਲੀਆਂ ਝੰਡੀਆਂ ਲਹਿਰਾ ਕੇ ਮੁੱਖ ਮੰਤਰੀ ਤੇ ਸਰਕਾਰ ਦਾ ਵਿਰੋਧ ਕੀਤਾ ਹੈ।