ਕਸਬਾ ਖਾਲੜਾ ਦੇ ਗੁਰਦੁਆਰਾ ਸਾਹਿਬ ’ਚ ਲਾਇਆ ਅੱਖਾਂ ਦੀ ਜਾਂਚ ਦਾ ਕੈਂਪ
ਖਾਲੜਾ ਤੇ ਆਸ-ਪਾਸ ਦੇ ਪਿੰਡਾਂ ਦੇ ਲਗਭਗ 65 ਲੋਕਾਂ ਦੀਆਂ ਅੱਖਾਂ ਦਾ ਮੁਫ਼ਤ ਚੈੱਕਅਪ ਵੱਖ-ਵੱਖ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ।
Publish Date: Mon, 27 Apr 2026 04:52 PM (IST)
Updated Date: Tue, 28 Apr 2026 04:05 AM (IST)

ਸਰਬਜੀਤ ਸਿੰਘ ਛੀਨਾ,ਪੰਜਾਬੀ ਜਾਗਰਣ, ਖਾਲੜਾ : ਸਥਾਨਕ ਕਸਬਾ ਖਾਲੜਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਓਮ ਪ੍ਰਕਾਸ਼ ਹਸਪਤਾਲ ਅੰਮ੍ਰਿਤਸਰ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਜਿਸ ’ਚ ਖਾਲੜਾ ਤੇ ਆਸ-ਪਾਸ ਦੇ ਪਿੰਡਾਂ ਦੇ ਲਗਭਗ 65 ਲੋਕਾਂ ਦੀਆਂ ਅੱਖਾਂ ਦਾ ਮੁਫ਼ਤ ਚੈੱਕਅਪ ਵੱਖ-ਵੱਖ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਡਾਕਟਰ ਅਨੰਨਿਆ ਨੇ ਕਿਹਾ ਕਿ ਸਾਡੀ ਸਮੁੱਚੀ ਟੀਮ ਵੱਲੋਂ ਕੈਂਪ ’ਚ ਪੁੱਜੇ ਲੋਕਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਆਧੁਨਿਕ ਤਕਨੀਕ ਨਾਲ ਲੈਸ ਮਸ਼ੀਨਾਂ ਰਾਹੀਂ ਕੀਤੀ ਗਈ ਹੈ। ਜਿਸ ’ਚ ਅੱਖਾਂ ਦੀਆਂ ਵੱਖ-ਵੱਖ ਬਿਮਾਰੀਆਂ ਜਿਵੇਂ ਅੱਖਾਂ ਦੀਆਂ ਪੁਤਲੀਆਂ ਦੀ ਜਾਂਚ, ਕਾਲਾ ਮੋਤੀਆ, ਚਿੱਟਾ ਮੋਤੀਆ ਤੇ ਅੱਖਾਂ ਦੀਆਂ ਹੋਰ ਬਿਮਾਰੀਆਂ ਦੀ ਚੈਕਿੰਗ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕੈਂਪ ’ਚ ਜਾਂਚ ਦੌਰਾਨ ਜਿੱਥੇ ਮਰੀਜ਼ਾਂ ਨੂੰ ਅੱਖਾਂ ਦੇ ਵੱਖ-ਵੱਖ ਰੋਗਾਂ ਨਾਲ ਸਬੰਧਤ ਆਈ ਡ੍ਰੌਪ ਮੁਫ਼ਤ ਦਿੱਤੇ ਗਏ ਹਨ, ਉੱਥੇ ਨਾਲ ਹੀ ਉਨ੍ਹਾਂ ਨੂੰ ਬਹੁਤ ਹੀ ਘੱਟ ਕੀਮਤਾਂ ’ਚ ਐਨਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਜਿਨ੍ਹਾਂ ਮਰੀਜ਼ਾਂ ਦੀ ਇਸ ਕੈਂਪ ’ਚ ਰਜਿਸਟ੍ਰੇਸ਼ਨ ਕੀਤੀ ਗਈ ਹੈ, ਉਹ ਇਕ ਮਹੀਨੇ ਤਕ ਸਾਡੇ ਅੰਮ੍ਰਿਤਸਰ ਹਸਪਤਾਲ ਵਿਖੇ ਮੁਫ਼ਤ ਜਾਂਚ ਕਰਵਾ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੈਂਪ ਦੌਰਾਨ ਜਿੱਥੇ ਅੱਖਾਂ ਦੇ ਚੈੱਕਅਪ ਕੀਤੇ ਗਏ ਹਨ, ਉੱਥੇ ਨਾਲ ਹੀ ਮਰੀਜ਼ਾਂ ਦੇ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਵੀ ਜਾਂਚ ਕੀਤੀ ਗਈ ਹੈ। ਇਸ ਮੌਕੇ ਹਾਜ਼ਰ ਸਟਾਫ਼ ’ਚ ਡਾਕਟਰ ਅਨੰਨਿਆ, ਡਾਕਟਰ ਕੁਮਾਰ, ਕੋਆਰਡੀਨੇਟਰ ਪਰਮਜੀਤ ਸਿੰਘ, ਰਜ਼ਾ ਬਾਨੂ, ਸਰਬਜੀਤ ਕੌਰ, ਹਰਪ੍ਰੀਤ ਸਿੰਘ, ਸਈਅਮ ਆਦਿ ਹਾਜ਼ਰ ਸਨ। ਅੱਖਾਂ ਦੇ ਇਸ ਮੁਫ਼ਤ ਕੈਂਪ ਦੇ ਪੂਰੇ ਪ੍ਰਬੰਧ ਦੀ ਸੇਵਾ ਬੀਬੀ ਗੁਰਸ਼ਰਨ ਕੌਰ ਖਾਲੜਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ। ਕੈਪਸ਼ਨ : ਆਧੁਨਿਕ ਮਸ਼ੀਨ ਨਾਲ ਹਾਜਰ ਸਟਾਫ਼।