ਪੱਟੀ 'ਚ ਚੋਣ ਹਿੰਸਾ : AAP ਸਮਰਥਕ ਦੇ ਸਿਰ 'ਤੇ ਤਾਣੀ ਪਿਸਤੋਲ, ਕੱਪੜੇ ਪਾੜੇ ਤੇ ਲਾਇਸੰਸੀ ਰਿਵਾਲਵਰ ਖੋਹ ਕੇ ਆਜ਼ਾਦ ਉਮੀਦਵਾਰ ਫਰਾਰ
ਰਾਜਬੀਰ ਸੰਘ ਪੁੱਤਰ ਗੁਰਮੇਹਰ ਸਿੰਘ ਸਾਬਕਾ ਸਰਪੰਚ ਮਾਹਣੇਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਦੋਸਤ ਵਕੀਲ ਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਵੱਲੋਂ ਕੌਸਲਰ ਦੀ ਚੋਣ ਲੜ ਰਿਹਾ ਹੈ। ਉਹ ਉਸ ਨੂੰ ਮਿਲ ਕੇ ਸਵੇਰੇ ਕਰੀਬ 9 ਵਜੇ ਵਾਪਸ ਆ ਰਿਹਾ ਸੀ
Publish Date: Mon, 25 May 2026 12:26 PM (IST)
Updated Date: Mon, 25 May 2026 12:39 PM (IST)
ਬੱਲੂ ਮਹਿਤਾ, ਪੰਜਾਬੀ ਜਾਗਰਣ, ਪੱਟੀ : ਤਰਨਤਾਰਨ ਦੇ ਕਸਬਾ ਪੱਟੀ ਵਿਖੇ ਚੱਲ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਆਮ ਆਦਮੀ ਪਾਰਟੀ ਦੇ ਇਕ ਸਮਰਥਕ ਨੂੰ ਘੇਰ ਕੇ ਕਥਿਤ ਤੌਰ ’ਤੇ ਅਜ਼ਾਦ ਉਮੀਦਵਾਰ ਨੇ ਜਿਥੇ ਉਸਦੇ ਸਿਰ ’ਤੇ ਪਿਸਤੋਲ ਤਾਣ ਦਿੱਤੀ, ਉਥੇ ਹੀ ਆਪਣੇ ਸਾਥੀਆਂ ਸਮੇਤ ਉਸ ਨੂੰ ਕੁੱਟਮਾਰ ਦਾ ਸ਼ਿਕਾਰ ਬਣਾਉਂਦਿਆਂ ਉਸਦੇ ਕੱਪੜੇ ਵੀ ਪਾੜ ਦਿੱਤੇ। ਜਦੋਂਕਿ ਉਸਦਾ ਲਾਇਸੰਸੀ ਪਿਸਟਲ ਵੀ ਮਾਰਨ ਦੀਆਂ ਧਮਕੀਆਂ ਦੇ ਕੇ ਖੋਹ ਲਿਆ। ਮੌਕੇ ’ਤੇ ਪੁੱਜੀ ਪੁਲਿਸ ਨੇ ਘਟਨਾ ਸਬੰਧੀ ਇਕ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਜਬੀਰ ਸੰਘ ਪੁੱਤਰ ਗੁਰਮੇਹਰ ਸਿੰਘ ਸਾਬਕਾ ਸਰਪੰਚ ਮਾਹਣੇਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਦੋਸਤ ਵਕੀਲ ਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਰਡ ਨੰਬਰ 17 ਤੋਂ ਆਮ ਆਦਮੀ ਪਾਰਟੀ ਵੱਲੋਂ ਕੌਸਲਰ ਦੀ ਚੋਣ ਲੜ ਰਿਹਾ ਹੈ। ਉਹ ਉਸ ਨੂੰ ਮਿਲ ਕੇ ਸਵੇਰੇ ਕਰੀਬ 9 ਵਜੇ ਵਾਪਸ ਆ ਰਿਹਾ ਸੀ। ਜਦੋਂ ਉਹ ਡਾਕਟਰ ਕੋਮਲ ਵਾਲੀ ਗਲੀ ਤੋਂ ਜੇਲ੍ਹ ਰੋਡ ’ਤੇ ਪੁੱਜਾ ਤਾਂ 17 ਵਾਰਡ ਤੋਂ ਹੀ ਅਜ਼ਾਦ ਚੋਣ ਲੜ ਰਹੇ। ਜੋਧਬੀਰ ਸਿੰਘ ਪੁੁੱਤਰ ਪਰਮਜੀਤ ਸਿੰਘ ਵਾਸੀ ਪੱਟੀ ਨੇ ਪਿਸਟਲਾਂ ਤੇ ਰਿਵਾਲਵਰਾਂ ਨਾਲ ਲੈਸ ਆਪਣੇ ਦਸ ਦੇ ਕਰੀਬ ਸਾਥੀਆਂ ਸਮੇਤ ਉਸਦੀ ਕਾਰ ਪੀਬੀ 46 ਏਜੀ 5790 ਨੂੰ ਰੋਕ ਲਿਆ ਅਤੇ ਉਸਦੀ ਕੁੱਟਮਾਰ ਕਰਨ ਲੱਗੇ।
ਜੋਧਬੀਰ ਸਿੰਘ ਨੇ ਆਪਣਾ ਪਿਸਟਲ ਕੱਢ ਕੇ ਉਸਦੇ ਸਿਰ ’ਤੇ ਰੱਖ ਦਿੱਤਾ ਅਤੇ ਆਪ ਉਮੀਦਵਾਰ ਦੀ ਮਦਦ ਕਰਨ ਦੇ ਏਵਜ਼ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਨ੍ਹਾਂ ਹੀ ਨਹੀਂ ਉਸ ਨੂੰ ਮਾਰਨ ਦੀ ਧਮਕੀ ਦੇ ਕੇ ਉਸਦਾ ਲਾਇਸੰਸੀ ਰਿਵਾਲਵਰ ਵੀ 6 ਕਾਰਤੂਸਾਂ ਸਣੇ ਖੋਹ ਲਿਆ। ਕੁੱਟਮਾਰ ਕਰਕੇ ਉਸਦੇ ਕੱਪੜੇ ਵੀ ਪਾੜ ਦਿੱਤੇ ਗਏ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਰੂਪ ਸਿੰਘ ਨੇ ਦੱਸਿਆ ਕਿ ਜੋਧਬੀਰ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।