ਕੋਰਟ ਕੰਪਲੈਕਸ ਪੱਟੀ ਵਿਚ ਕੌਮੀ ਲੋਕ ਅਦਾਲਤ ਦੌਰਾਨ ਪੈਂਡਿੰਗ ਕੇਸਾਂ ਦਾ ਨਿਪਟਾਰਾ
ਜੱਜ ਮਾਣਿਕ ਕੌੜਾ ਤੇ ਮਿਸ ਪ੍ਰੀਤੀ ਰਾਏ ਦੀਆਂ ਅਦਾਲਤਾਂ ਨਾਲ ਸਬੰਧਤ ਕੇਸ ਸਿਮਰਜੀਤ ਸਿੰਘ ਦੀ ਅਦਾਲਤ ’ਚ ਸੁਣੇ ਗਏ
Publish Date: Sat, 09 May 2026 06:33 PM (IST)
Updated Date: Sun, 10 May 2026 04:09 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਕੋਰਟ ਕੰਪਲੈਕਸ ਪੱਟੀ ’ਚ ਅੱਜ ਕੌਮੀ ਲੋਕ ਅਦਾਲਤ ਲਾਈ ਗਈ, ਜਿਸ ’ਚ ਦੋ ਵੱਖ-ਵੱਖ ਬੈਂਚਾਂ ਰਾਹੀਂ ਪੈਂਡਿੰਗ ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਇਸ ਸਬੰਧੀ ਪਹਿਲੇ ਬੈਂਚ ਦੀ ਅਗਵਾਈ ਜੇਐੱਮਆਈਸੀ ਸੰਨੀ ਸੰਧੂ ਵੱਲੋਂ ਕੀਤੀ ਗਈ। ਇਸ ਬੈਂਚ ’ਚ ਐਡਵੋਕੇਟ ਨਕੁਲ ਦੇਵਗਨ ਤੇ ਪ੍ਰੈੱਸ ਕਲੱਬ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਮੈਂਬਰ ਵਜੋਂ ਹਾਜ਼ਰ ਰਹੇ। ਇਸੇ ਤਰ੍ਹਾਂ ਦੂਜੀ ਲੋਕ ਅਦਾਲਤ ਦੀ ਅਗਵਾਈ ਜੇਐੱਮਆਈਸੀ ਸਿਮਰਜੀਤ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨਾਲ ਐਡਵੋਕੇਟ ਹਰਦੀਪ ਸਿੰਘ ਅਤੇ ਪੀਐੱਲਵੀ ਪ੍ਰਭਦੀਪ ਸਿੰਘ ਮੈਂਬਰ ਵਜੋਂ ਮੌਜੂਦ ਸਨ। ਲੋਕ ਅਦਾਲਤ ਦੌਰਾਨ ਜੱਜ ਜਗਜੀਤ ਸਿੰਘ ਅਤੇ ਜੱਜ ਕਰਨਜੀਤ ਸਿੰਘ ਦੀਆਂ ਅਦਾਲਤਾਂ ਨਾਲ ਸਬੰਧਤ ਪੈਂਡਿੰਗ ਕੇਸ ਸੰਨੀ ਸੰਧੂ ਦੀ ਅਦਾਲਤ ’ਚ ਪੇਸ਼ ਕੀਤੇ ਗਏ, ਜਦਕਿ ਜੱਜ ਮਾਣਿਕ ਕੌੜਾ ਤੇ ਮਿਸ ਪ੍ਰੀਤੀ ਰਾਏ ਦੀਆਂ ਅਦਾਲਤਾਂ ਨਾਲ ਸਬੰਧਤ ਕੇਸ ਸਿਮਰਜੀਤ ਸਿੰਘ ਦੀ ਅਦਾਲਤ ’ਚ ਸੁਣੇ ਗਏ। ਦੋਹਾਂ ਬੈਂਚਾਂ ਵੱਲੋਂ ਕਈ ਮਾਮਲਿਆਂ ਦਾ ਰਾਜ਼ੀਨਾਮੇ ਰਾਹੀਂ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ==== ਲੋਕ ਅਦਾਲਤਾਂ ਦਾ ਉਦੇਸ਼ ਸਸਤਾ, ਤੇਜ਼ ਤੇ ਸਹਿਜ ਇਨਸਾਫ਼ ਮੁਹੱਈਆ ਕਰਵਾਉਣਾ ਇਸ ਮੌਕੇ ਜੱਜ ਨੇ ਦੱਸਿਆ ਕਿ ਕੌਮੀ ਲੋਕ ਅਦਾਲਤਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਸਸਤਾ, ਤੇਜ਼ ਤੇ ਸਹਿਜ ਇਨਸਾਫ਼ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਅਦਾਲਤਾਂ ’ਚ ਰਾਜ਼ੀਨਾਮੇ ਯੋਗ ਫੌਜਦਾਰੀ ਕੇਸਾਂ ਤੋਂ ਇਲਾਵਾ ਬੈਂਕਾਂ ਦੇ ਲੈਣ-ਦੇਣ, ਕਿਰਤ ਸਬੰਧੀ ਝਗੜੇ, ਵਿਵਾਹਿਕ ਮਾਮਲੇ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 138 ਅਧੀਨ ਕੇਸ, ਤਨਖਾਹ ਤੇ ਰਿਟਾਇਰਮੈਂਟ ਸਬੰਧੀ ਮਾਮਲੇ, ਮਾਲ ਵਿਭਾਗ ਨਾਲ ਜੁੜੇ ਕੇਸਾਂ ਤੇ ਹੋਰ ਸਿਵਲ ਮਾਮਲਿਆਂ ਦਾ ਵੀ ਨਿਪਟਾਰਾ ਕੀਤਾ ਜਾਂਦਾ ਹੈ।