ਦਿਵਯ ਜਯੋਤੀ ਜਾਗ੍ਰਿਤੀ ਸੰਸਥਾ ਨੇ ਭੰਡਾਰੇ ਦੇ ਰੂਪ ’ਚ ਕਰਵਾਇਆ ਵਿਸ਼ੇਸ਼ ਸਮਾਗਮ
ਮਹਾਨ ਜੀਵਨ ਕੇਵਲ ਉਨ੍ਹਾਂ ਲੋਕਾਂ ਦਾ ਹੋਇਆ ਕਰਦਾ ਹੈ ਜੋ ਆਪਣੇ ਹਰ ਦਿਨ ਨੂੰ ਸੁਦਿਨ ਭਾਵ ਆਪਣੇ ਸਮੇਂ ਨੂੰ ਆਤਮ ਉੱਨਤੀ ਤੇ ਪਰਉਪਕਾਰ ਕਰਨ ’ਚ ਬਤੀਤ ਕਰਦੇ ਹਨ।
Publish Date: Sun, 03 May 2026 05:05 PM (IST)
Updated Date: Mon, 04 May 2026 04:08 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਤਰਨਤਾਰਨ ਆਸ਼ਰਮ ਵੱਲੋਂ ਭੰਡਾਰੇ ਦੇ ਰੂਪ ’ਚ ਪ੍ਰੋਗਰਾਮ ਐਤਵਾਰ ਨੂੰ ਕਰਵਾਇਆ ਗਿਆ। ਜਿਸ ਦੌਰਾਨ ਸੁਆਮੀ ਦਿਨਕਰਾਨੰਦ ਨੇ ਕਿਹਾ ਕਿ ਸੰਸਾਰ ਅੰਦਰ ਜਨਮ ਹਰੇਕ ਜੀਵ ਆਤਮਾ ਚਾਹੇ ਉਹ ਪਸ਼ੂ, ਪੰਛੀ ਜਾਂ ਕੀਟ ਪਤੰਗੇ ਹਨ। ਸਾਰੇ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਨ। ਪ੍ਰੰਤੂ ਮਨੁੱਖਾ ਜੀਵਨ ਦਾ ਹਰ ਇਕ ਦਿਨ ਅਨਮੋਲ ਹੈ। ਪਰ ਇਨਸਾਨ ਬਾਕੀ ਜੀਵ ਜਗਤ ਵਾਂਗ ਹੀ ਆਪਣੇ ਦਿਨ ਬਤੀਤ ਕਰਦਾ ਜਾ ਰਿਹਾ ਹੈ। ਮਹਾਨ ਜੀਵਨ ਕੇਵਲ ਉਨ੍ਹਾਂ ਲੋਕਾਂ ਦਾ ਹੋਇਆ ਕਰਦਾ ਹੈ ਜੋ ਆਪਣੇ ਹਰ ਦਿਨ ਨੂੰ ਸੁਦਿਨ ਭਾਵ ਆਪਣੇ ਸਮੇਂ ਨੂੰ ਆਤਮ ਉੱਨਤੀ ਤੇ ਪਰਉਪਕਾਰ ਕਰਨ ’ਚ ਬਤੀਤ ਕਰਦੇ ਹਨ। ਉੱਤਮ ਲਕਸ਼ ਨਾਲ ਜੁੜ ਕੇ ਉਜਲ ਕਰਮ ਕਰਦੇ ਹੋਏ ਸਾਰੇ ਬੁਰੇ ਦਿਨ ਵੀ ਚੰਗੇ ਬਣ ਜਾਂਦੇ ਹਨ। ਜਿਵੇਂ ਇਕ ਬੱਚਾ ਕਿਸੇ ਗ਼ਰੀਬ ਘਰ ’ਚ ਜਨਮ ਲੈਂਦਾ ਹੈ ਪਰ ਜੇਕਰ ਉਸ ਨੂੰ ਕੋਈ ਕਰੋੜਪਤੀ ਵਿਅਕਤੀ ਗੋਦ ਲੈ ਲਵੇ ਤਾਂ ਉਸ ਬੱਚੇ ਦੀ ਗਿਣਤੀ ਵੀ ਸਮਾਜ ਦੇ ਅਮੀਰ ਬੱਚਿਆਂ ’ਚ ਹੋਣ ਲੱਗ ਜਾਂਦੀ ਹੈ। ਠੀਕ ਇਸੇ ਪ੍ਰਕਾਰ ਜੇਕਰ ਇਕ ਇਨਸਾਨ ਆਪਣਾ ਨਾਤਾ ਦਿਵਯ ਸੱਤਾ ਨਾਲ ਕਾਇਮ ਕਰ ਲਵੇ ਤਾਂ ਉਹ ਮਨੁੱਖ ਇਕ ਦਿਨ ਆਸਧਾਰਨ ਮਨੁੱਖ ਤੋਂ ਦਿਵਯ ਮਨੁੱਖ ਬਣ ਜਾਂਦਾ ਹੈ। ਅਸਲ ’ਚ ਮਨੁੱਖੀ ਜੀਵਨ ਦਾ ਉਦੇਸ਼ ਉਸ ਪਰਮ ਸੱਤਾ ਨਾਲ ਜੁੜ ਕੇ ਇਸੇ ਦਿਵਯਤਾ ਨੂੰ ਪ੍ਰਾਪਤ ਕਰਨ ਲਈ ਹੀ ਹੋਇਆ ਹੈ। ਜੋ ਇਨਸਾਨ ਪਰਮਾਤਮਾ ਨੂੰ ਆਪਣਾ ਲਕਸ਼ ਬਣਾ ਕੇ ਆਪਣੀ ਆਤਮਾ ਦੇ ਉਥਾਨ ਲਈ ਤੱਤਪਰ ਰਹਿੰਦੇ ਹਨ। ਅਜਿਹੇ ਇਨਸਾਨ ਉਤਸ਼ਾਹ, ਆਸ, ਪ੍ਰਸੰਨਤਾ, ਸ਼ਾਂਤੀ, ਆਨੰਦ ਵਰਗੇ ਸਭ ਗੁਣਾਂ ਨੂੰ ਗ੍ਰਹਿਣ ਕਰਦੇ ਹਨ। ਇਨ੍ਹਾਂ ਗੁਣਾਂ ਦੇ ਧਾਰਨੀ ਬਣਨ ਲਈ ਇਨਸਾਨ ਨੂੰ ਆਪਣੇ ਜੀਵਨ ’ਚ ਇਕ ਅਨੋਖੀ ਯਾਤਰਾ ਦੀ ਸ਼ੁਰੂਆਤ ਕਰਨੀ ਪੈਂਦੀ ਹੈ। ਜਿਸ ਨੂੰ ਸਾਧਕਤਾ ਦੀ ਯਾਤਰਾ ਕਿਹਾ ਜਾਂਦਾ ਹੈ। ਸਾਧਕਤਾ ਦੀ ਯਾਤਰਾ ਬਾਹਰ ਨਹੀਂ ਸਗੋਂ ਅੰਤਰੀਵ ਜਗਤ ਦੀ ਯਾਤਰਾ ਦਾ ਨਾਮ ਹੈ। ਸਾਧਕ ਨੂੰ ਆਪਣੀ ਊਰਜਾ ਨੂੰ ਗੁਰੂਦੇਵ ਦੀ ਊਰਜਾ ਨਾਲ ਜੋੜਨਾ ਪੈਂਦਾ ਹੈ। ਪੂਰਨ ਸਤਿਗੁਰੂ ਜਦੋਂ ਦਿਵਯ ਕਿਰਪਾ ਦੁਆਰਾ ਇਕ ਸਾਧਕ ’ਚ ਸੰਪੂਰਨ ਬ੍ਰਹਮੰਡ ਦੀ ਊਰਜਾ ਉਸ ਪਰਮਾਤਮਾ ਨੂੰ ਪ੍ਰਗਟ ਕਰਦੇ ਹਨ ਤਾਂ ਉਸ ਸਮੇਂ ਇਨਸਾਨ ਅਸ਼ਾਂਤੀ ਤੋਂ ਸ਼ਾਂਤੀ ਦੇ ਮਾਰਗ ਵੱਲ, ਝੂਠ ਤੋਂ ਸੱਚ ਵੱਲ, ਮਨ ਦੇ ਵਿਚਾਰਾਂ ਤੋਂ ਉਪਰ ਉੱਠ ਕੇ ਦਿਵਯਤਾ ਦੇ ਮਾਰਗ ਵੱਲ ਚਲਦਾ ਹੈ। ਇਸ ਸੰਸਾਰ ’ਚ ਮਾਨਵ ਦਾ ਆਉਣਾ ਤੇ ਉਸਦਾ ਜੀਵਨ ਬਤੀਤ ਕਰਨਾ ਸਾਰਥਕ ਹੋ ਜਾਂਦਾ ਹੈ। ਪ੍ਰੋਗਰਾਮ ਦੌਰਾਨ ਸਵਾਮੀ ਹਰੀਸ਼ੰਕਰ, ਸੁਆਮੀ ਜਸਪਾਲ ਨੇ ਸ਼ਬਦ ਗੁਰਬਾਣੀ ਦਾ ਗਾਇਨ ਕੀਤਾ। ਆਈ ਹੋਈ ਸੰਗਤ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।