ਸਵੈ-ਗਣਨਾ ਪ੍ਰਕਿਰਿਆ ’ਚ ਵਧ-ਚੜ੍ਹ ਕੇ ਹਿੱਸਾ ਲੈਣ ਜ਼ਿਲ੍ਹਾ ਵਾਸੀ - ਡਿਪਟੀ ਕਮਿਸ਼ਨਰ
ਸਵੈ-ਗਣਨਾ ਪ੍ਰਕਿਰਿਆ ’ਚ ਵਧ-ਚੜ੍ਹ ਕੇ ਹਿੱਸਾ ਲੈਣ ਜ਼ਿਲ੍ਹਾ ਵਾਸੀ - ਡਿਪਟੀ ਕਮਿਸ਼ਨਰ
Publish Date: Tue, 05 May 2026 06:07 PM (IST)
Updated Date: Wed, 06 May 2026 04:09 AM (IST)

ਸਵੈ-ਗਣਨਾ ਪ੍ਰਕਿਰਿਆ ’ਚ ਵਧ-ਚੜ੍ਹ ਕੇ ਹਿੱਸਾ ਲੈਣ ਜ਼ਿਲ੍ਹਾ ਵਾਸੀ - ਡਿਪਟੀ ਕਮਿਸ਼ਨਰ ਕਿਹਾ ਐੱਸਈ ਪੋਰਟਲ ਉੱਤੇ 14 ਮਈ ਤਕ ਕੀਤੀ ਜਾ ਸਕਦੀ ਹੈ ਸਵੈ-ਗਣਨਾ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਤਰਨਤਾਰਨ ਰਾਹੁਲ ਨੇ ਜਨਗਣਨਾ-2027 ਤਹਿਤ ਜ਼ਿਲ੍ਹੇ ਵਿਚ ਚਲ ਰਹੀ ਸਵੈ-ਗਣਨਾ ਪ੍ਰਕਿਰਿਆ ’ਚ ਜ਼ਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਸਵੈ-ਗਣਨਾ ਐੱਸਈ ਪੋਰਟਲ ਉੱਤੇ 14 ਮਈ ਤਕ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਇਕ ਅਜਿਹੀ ਸਹੂਲਤ ਹੈ, ਜਿਸ ਰਾਹੀਂ ਜ਼ਿਲ੍ਹਾ ਵਾਸੀ ਖ਼ੁਦ ਹੀ ਆਪਣੀ ਜਾਣਕਾਰੀ ਸਰਕਾਰੀ ਪੋਰਟਲ ਤੇ ਦਰਜ ਕਰ ਸਕਦੇ ਹਨ। ਇਸ ਲਈ ਨਾਗਰਿਕਾਂ ਨੂੰ ਸਰਕਾਰ ਦੇ ਅਧਿਕਾਰਤ ਜਨਗਣਨਾ ਪੋਰਟਲ ਤੇ ਜਾਣਾ ਹੋਵੇਗਾ। ਆਪਣੇ ਮੋਬਾਈਲ ਨੰਬਰ ਤੇ ਬੇਸਿਕ ਜਾਣਕਾਰੀ ਦੀ ਵਰਤੋਂ ਕਰ ਕੇ ਪੋਰਟਲ ’ਤੇ ਲਾਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਪੋਰਟਲ ਤੇ ਮੰਗੇ ਗਏ ਵੇਰਵੇ ਦਰਜ ਕਰਨੇ ਹੋਣਗੇ। ਜਿਵੇਂ ਹੀ ਸਫ਼ਲਤਾਪੂਰਵਕ ਫਾਰਮ ਸਬਮਿਟ ਹੋਵੇਗਾ ਤਾਂ ਪੋਰਟਲ ਨਾਗਰਿਕ ਨੂੰ ਇਕ ਸੈਲਫ-ਐਨੂਮਰੇਸ਼ਨ ਆਈਡੀ ਐੱਸਈਆਈਡੀ ਜਨਰੇਟ ਕਰਕੇ ਦੇਵੇਗਾ। ਜਦੋਂ ਜਨਗਣਨਾ ਮੁਲਾਜ਼ਮ ਘਰ ਆਵੇਗਾ ਤਾਂ ਨਾਗਰਿਕ ਨੂੰ ਸਿਰਫ਼ ਇਹ ਆਈਡੀ ਦਿਖਾਉਣੀ ਹੋਵੇਗੀ। ਇਸ ਨਾਲ ਜਾਣਕਾਰੀ ਦੀ ਤਸਦੀਕ ਹੋ ਜਾਵੇਗੀ ਤੇ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਵਿਭਾਗ ਵੱਲੋਂ ਪਹਿਲੀ ਵਾਰ ਆਪਣੀ ਜਨਗਣਨਾ ਆਪ ਕਰਨ ਦਾ ਇਹ ਵਿਕਲਪ ਰੱਖਿਆ ਗਿਆ ਹੈ, ਜਿਸ ਦਾ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਨਗਣਨਾ ਵਿਭਾਗ ਦਾ ਪੋਰਟਲ 14 ਮਈ ਤਕ ਖੁੱਲ੍ਹਾ ਹੈ। ਇਸ ਤੋਂ ਬਾਅਦ ਗਿਣਤੀਕਾਰਾਂ ਵੱਲੋਂ 15 ਮਈ ਤੋਂ 13 ਜੂਨ ਤਕ ਫੀਲਡ ਸਰਵੇ ਸ਼ੁਰੂ ਕੀਤਾ ਜਾਵੇਗਾ, ਜਿਸ ਦੌਰਾਨ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇੰਦਰਾਜ ਕਰਨਗੇ। ਜਨਗਣਨਾ ਲਈ ਇਕੱਤਰ ਕੀਤੀ ਗਈ ਸੂਚਨਾ ਸਰਕਾਰ ਵੱਲੋਂ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਜਨਗਣਨਾ ਦਾ ਕੰਮ ਅਤਿ ਮਹੱਤਵਪੂਰਨ ਹੈ ਤੇ ਇਹ ਸਰਕਾਰ ਵੱਲੋਂ ਨਵੀਆਂ ਵਿਕਾਸ ਯੋਜਨਾਵਾਂ ਉਲੀਕਣ ਵਿਚ ਸਹਾਇਕ ਹੋਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਮਹੱਤਵ ਦੇ ਇਸ ਕਾਰਜ ’ਚ ਸਰਕਾਰ ਤੇ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ ਤੇ ਸਹੀ ਅਤੇ ਸਪੱਸ਼ਟ ਜਾਣਕਾਰੀ ਮੁਹੱਈਆ ਕਰਵਾਉਣ।