ਹਰੇਕ ਅਧਿਆਪਕ ਉਨ੍ਹਾਂ ਦੇ ਜ਼ਿਲ੍ਹਾ ਮੁਖੀ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ, ਉੱਥੇ ਹੀ ਅੱਜ ਉਨ੍ਹਾਂ ਦੇ ਸੇਵਾ ਮੁਕਤ ਹੋਣ ਨਾਲ ਸਿੱਖਿਆ ਦੇ ਖੇਤਰ ’ਚ ਬਹੁਤ ਵੱਡਾ ਘਾਟਾ ਪਿਆ ਹੈ।

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਸਿੱਖਿਆ ਦੇ ਖੇਤਰ ’ਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ, ਹਰੇਕ ਅਧਿਆਪਕ ਦੇ ਦਿਲ 'ਤੇ ਰਾਜ ਕਰਨ ਵਾਲੇ ਤੇ ਵਿਦਿਆਰਥੀਆਂ ਦੇ ਮਸੀਹਾ ਰਹੇ ਸਤਿਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਆਪਣੀ ਬੇਦਾਗ ਨੌਕਰੀ ਕਰਨ ਉਪਰੰਤ ਅੱਜ ਸੇਵਾ ਮੁਕਤ ਹੋ ਰਹੇ ਹਨ। ਜਿੱਥੇ ਹਰੇਕ ਅਧਿਆਪਕ ਉਨ੍ਹਾਂ ਦੇ ਜ਼ਿਲ੍ਹਾ ਮੁਖੀ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ, ਉੱਥੇ ਹੀ ਅੱਜ ਉਨ੍ਹਾਂ ਦੇ ਸੇਵਾ ਮੁਕਤ ਹੋਣ ਨਾਲ ਸਿੱਖਿਆ ਦੇ ਖੇਤਰ ’ਚ ਬਹੁਤ ਵੱਡਾ ਘਾਟਾ ਪਿਆ ਹੈ।
ਬਾਠ ਆਪਣੀ 60 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ 30 ਅਪ੍ਰੈਲ ਨੂੰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਤੋਂ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਦਾ ਜਨਮ 25 ਅਪ੍ਰੈਲ 1966 ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਹਰਭਜਨ ਸਿੰਘ ਦੇ ਘਰ ਜੋਗਿੰਦਰ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਮਨਿਹਾਲਾ ਜੈ ਸਿੰਘ ਤੋਂ ਪ੍ਰਾਪਤ ਕਰਨ ਉਪਰੰਤ ਬੀਏ/ਐੱਮਏ ਅਤੇ ਐੱਮਫਿਲ ਦੀ ਡਿਗਰੀ ਕੁਰੂਕੁਸ਼ੇਤਰ ਯੂਨੀਵਰਸਿਟੀ ਤੋਂ ਹਾਸਿਲ ਕੀਤੀ। ਆਪ ਨੇ ਗੌਰਮਿੰਟ ਇੰਸਟੀਚਿਊਟ ਆਫ ਗਾਰਮੈਂਟ ਟੈਕਨੋਲੇਜੀ ਅੰਮ੍ਰਿਤਸਰ ਤੋਂ ਡਿਪਲੋਮਾ ਇੰਨ ਗਾਰਮੈਂਟ ਟੈਕਨੋਲੇਜੀ ਵੀ ਪਾਸ ਕੀਤਾ।
4 ਦਸੰਬਰ 1994 ਨੂੰ ਆਪ ਦੀ ਸ਼ਾਦੀ ਪਵਨਦੀਪ ਕੌਰ ਨਾਲ ਹੋਈ। ਬੇਟੀ ਸੁਖਮਨਦੀਪ ਕੌਰ ਬਾਠ ਅਤੇ ਬੇਟਾ ਵਿਸ਼ਵਦੀਪ ਸਿੰਘ ਬਾਠ ਆਪ ਦੇ ਵਿਹੜੇ ਦੀ ਰੌਣਕ ਹਨ। ਦੋਨੋਂ ਬੱਚੇ ਕੈਨੇਡਾ ਵਿਖੇ ਸੈਟਲ ਹਨ। ਸਤਿਨਾਮ ਸਿੰਘ ਨੇ 20 ਮਈ 1986 ਨੂੰ ਬਤੌਰ ਵੈਕੇਸ਼ਨਲ ਮਾਸਟਰ ਸਹਸ ਕੰਧਵਾਲਾ ਅਮਰਕੋਟ ਤਹਿਸੀਲ ਅਬੋਹਰ ਤੋਂ ਸੇਵਾ ਦਾ ਆਗਾਜ਼ ਕੀਤਾ ਤੇ 22 ਦਸੰਬਰ 2009 ਤੋਂ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਰਾਜਾਸਾਂਸੀ ਵਿਖੇ ਤਕਰੀਬਨ 9 ਸਾਲ ਸੇਵਾਵਾਂ ਦਿੱਤੀਆਂ ਤੇ ਸਾਲ 2018 ’ਚ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਲੰਧਰ ਵਿਖੇ ਸੇਵਾਵਾਂ ਦਿੰਦੇ ਹੋਏ 29 ਮਈ 2019 ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਵਿਖੇ ਹਾਜ਼ਰ ਹੋਏ।
3 ਨਵੰਬਰ 2023 ਨੂੰ ਆਪ ਨੇ ਬਤੌਰ ਡੀਪੀਆਈ ਐਲੀਮੈਂਟਰੀ ਸਿੱਖਿਆ ਪਦਉੱਨਤ ਹੋ ਕੇ ਪੂਰੇ ਤਰਨਤਾਰਨ ਜ਼ਿਲ੍ਹੇ ਦਾ ਮਾਣ ਵਧਾਇਆ। 3 ਮਾਰਚ 2025 ਤੋਂ ਹੁਣ ਤਕ ਇਸੇ ਜ਼ਿਲ੍ਹੇ ’ਚ ਸੇਵਾਵਾਂ ਦਿੰਦੇ ਹੋਏ ਆਪ 30 ਅਪ੍ਰੈਲ 2026 ਨੂੰ ਤਕਰੀਬਨ 40 ਸਾਲ ਦੀ ਬੇਦਾਗ ਸੇਵਾ ਕਰ ਕੇ ਸੇਵਾਮੁਕਤ ਹੋ ਰਹੇ ਹਨ।
=====
ਆਪਣੇ ਕੰਮ ਦੀ ਰੱਬ ਵਾਂਗ ਇਬਾਦਤ ਕਰਨ ਵਾਲੇ
ਸਤਿਨਾਮ ਸਿੰਘ ਸਾਦਗੀ ’ਚ ਰਹਿਣ ਵਾਲੇ ਤੇ ਉੱਚੀ ਸੋਚ ’ਚ ਵਿਸ਼ਵਾਸ ਰੱਖਣ ਵਾਲੀ ਸੰਪੂਰਨ ਸ਼ਖ਼ਸੀਅਤ ਦੇ ਮਾਲਕ ਹਨ। ਆਪ ਨੇ ਸੇਵਾ ਕਾਲ ਦੌਰਾਨ ਆਪਣੀ ਲਗਨ, ਮਿਹਨਤ ਤੇ ਕੰਮ ਪ੍ਰਤੀ ਲਗਾਅ ਨਾਲ ਸਫ਼ਲਤਾ ਦੇ ਝੰਡੇ ਗੱਡੇ। ਆਪ ਦੇ ਆਪਣੇ ਸਹਿਯੋਗੀ ਕਰਮੀਆਂ ਨਾਲ ਬੜੇ ਨਿੱਘੇ ਸਬੰਧ ਰਹੇ। ਇਹੀ ਕਾਰਨ ਹੈ ਕਿ ਆਪ ਆਪਣੇ ਸਹਿਕਰਮੀਆਂ ’ਚ ਅਤਿਅੰਤ ਹਰਮਨ ਪਿਆਰੇ ਹਨ। ਸਹਿਯੋਗੀ ਕਰਮੀਆਂ ਦੇ ਦੁੱਖ-ਸੁੱਖ ’ਚ ਸਾਥ ਦੇਣ ਵਾਲੇ, ਮਿੱਠ ਬੋਲੜੇ, ਨਿਰਛਲ, ਨਿਰਵੈਰ, ਇਮਾਨਦਾਰ ਤੇ ਸੱਚਾਈ ਦੇ ਪੈੜਿਆਂ 'ਤੇ ਬੇਬਾਕ ਤੁਰਦੇ ਰਹਿਣ ਵਾਲੇ ਸਤਿਨਾਮ ਸਿੰਘ ਨੇ ਆਪਣੇ ਕੰਮ ਦੀ ਰੱਬ ਵਾਂਗ ਇਬਾਦਤ ਕੀਤੀ ਤੇ ਵਿਭਾਗੀ ਕੰਮ/ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਵਿਭਾਗੀ ਕੰਮ ਦੇ ਬਹੁਤ ਜ਼ਿਆਦਾ ਬੋਝ ਹੋਣ ਦੇ ਬਾਵਜੂਦ ਆਪਣੇ ਕੰਮ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਦੇ ਰਹੇ ਹਨ ਤੇ ਸਮੂਹ ਸਟਾਫ ਨੂੰ ਇਕ ਸੁਚੱਜੀ ਅਗਵਾਈ ਦਿੰਦੇ ਰਹੇ ਹਨ।
====
ਬੇਦਾਗ ਨੌਕਰੀ ਕਰ ਕੇ ਸੇਵਾਮੁਕਤ ਹੋ ਰਹੇ ਹਨ ਬਾਠ : ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਾਜੀਵ ਕੁਮਾਰ ਛਾਬੜਾ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਦੇਣ, ਵਿਦਿਆਰਥੀਆਂ ਦੇ ਜੀਵਨ ’ਚ ਚਾਨਣ ਮੁਨਾਰਾ ਬਣ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਰੁਸ਼ਨਾਉਣ ਵਾਲੇ ਸਤਿਨਾਮ ਸਿੰਘ ਬਾਠ ਜੋ ਆਪਣੀ ਬੇਦਾਗ ਨੌਕਰੀ ਕਰਨ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਰਹੇ ਹਨ, ਸਿੱਖਿਆ ਵਿਭਾਗ ਤਰਨਤਾਰਨ ਉਨ੍ਹਾਂ ਦੀ ਸੇਵਾਮੁਕਤੀ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ।
====
ਸਤਿਨਾਮ ਸਿੰਘ ਬਾਠ ਕੁਸ਼ਲ ਪ੍ਰਸ਼ਾਸ਼ਕ : ਗੁਰਦੀਪ ਸਿੰਘ
ਗੁਰਦੀਪ ਸਿੰਘ ਪ੍ਰਿੰਸੀਪਲ-ਕਮ-ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਤਰਨਤਾਰਨ ਨੇ ਕਿਹਾ ਕਿ ਸਤਿਨਾਮ ਸਿੰਘ ਬਾਠ ਕੁਸ਼ਲ ਪ੍ਰਸ਼ਾਸ਼ਕ ਸਨ। ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹਾ ਤਰਨਤਾਰਨ ਵਿਚ ਬੁਨਿਆਦੀ ਢਾਂਚਾ ਅਤੇ ਵਿੱਦਿਅਕ ਵਿਕਾਸ ਬੁਲੰਦੀਆਂ ਨੂੰ ਛੂਹਿਆ। ਉਨ੍ਹਾਂ ਦੀ ਸ਼ਖ਼ਸੀਅਤ ਅਧਿਆਪਕਾਂ/ਅਧਿਕਾਰੀਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੀ ਸੀ। ਸੁਖਬੀਰ ਸਿੰਘ ਕੰਗ ਜ਼ਿਲ੍ਹਾ ਗਾਈਡੈਂਸ ਕੌਂਸਲਰ ਤਰਨਤਾਰਨ ਨੇ ਕਿਹਾ ਕਿ ਬਾਠ ਵੱਲੋਂ ਸਰਕਾਰ ਦੇ ਕਿੱਤਾ ਮੁਖੀ ਪ੍ਰੋਜੈਕਟਾਂ ਨੂੰ ਸਰਕਾਰੀ ਸਕੂਲਾਂ ਵਿਚ ਲਾਗੂ ਕਰਨ ਲਈ ਬੜੀ ਸੁਹਿਰਦਤਾ ਨਾਲ ਯਤਨ ਕੀਤੇ ਗਏ। ਉਨ੍ਹਾਂ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਕੈਰੀਅਰ ਦੇ ਖੇਤਰ ਵਿਚ ਗਾਈਡੈਂਸ ਮਿਲਦੀ ਰਹੀ।