ਸਫ਼ਾਈ ਕਰਮਚਾਰੀਆਂ ਦੇ ਦਿੱਤੇ ਜਾ ਰਹੇ ਧਰਨੇ ’ਚ ਪੁੱਜੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ
ਸਫ਼ਾਈ ਸੇਵਕ ਹਰ ਰੋਜ਼ ਸ਼ਹਿਰ ਦੀ ਗੰਦਗੀ ਸਾਫ਼ ਕਰਦੇ ਹਨ, ਲੇਕਿਨ ‘ਆਪ’ ਸਰਕਾਰ ਸਫ਼ਾਈ ਸੇਵਕਾਂ ਨੂੰ ਹੀ ਅਣਗੋਲਿਆਂ ਕਰਕੇ ਸਫ਼ਾਈ ਸੇਵਕਾਂ ਨਾਲ ਧੋਖਾ ਕਰ ਰਹੀ ਹੈ
Publish Date: Tue, 12 May 2026 06:47 PM (IST)
Updated Date: Wed, 13 May 2026 04:09 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਨਗਰ ਕੌਂਸਲ ਦਫ਼ਤਰ ਤਰਨਤਾਰਨ ਅੱਗੇ ਸਫ਼ਾਈ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਗਾਤਾਰ ਜਾਰੀ ਹੈ। ਨਗਰ ਕੌਂਸਲ ਦੇ ਗੇਟ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਸਫ਼ਾਈ ਸੇਵਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਆਪਣੇ ਸਾਥੀਆਂ ਸਮੇਤ ਧਰਨੇ ਵਿਚ ਪੁੱਜੇ।
ਇਸ ਮੌਕੇ ਬੋਲਦਿਆਂ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਲਾਜ਼ਮ ਵਿਰੋਧੀ ਚਿਹਰਾ ਸਾਰਿਆਂ ਸਾਹਮਣੇ ਨੰਗਾ ਹੋ ਚੁੱਕਾ ਹੈ ਕਿਉਂਕਿ ਜਿਹੜੀਆਂ ਗਾਰੰਟੀਆਂ ‘ਆਪ’ ਨੇ ਚੋਣਾਂ ਸਮੇਂ ਕੀਤੀਆਂ ਸੀ ਉਹ ਸਾਰੀਆਂ ਮੁੱਢੋਂ ਨਕਾਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਅਤੇ ਨਿਗੂਣੀਆਂ ਤਨਖ਼ਾਹਾਂ ਉੱਤੇ ਕੰਮ ਕਰ ਰਹੇ ਸਫਾਈ ਕਰਮਚਾਰੀ ਆਪਣੇ ਹੱਕ ਪ੍ਰਾਪਤ ਕਰਨ ਲਈ ਧਰਨੇ ਦੇ ਰਹੇ ਹਨ ਲੇਕਿਨ ਝਾੜੂ ਸਰਕਾਰ ਅਤੇ ਮੁੱਖ ਮੰਤਰੀ ਦੀ ਸਿਹਤ ਉੱਤੇ ਕੋਈ ਅਸਰ ਨਹੀਂ ਵਿਖ ਰਿਹਾ।
ਉਨ੍ਹਾਂ ਨੇ ਕਿਹਾ ਕਿ ਸਫ਼ਾਈ ਸੇਵਕ ਹਰ ਰੋਜ਼ ਸ਼ਹਿਰ ਦੀ ਗੰਦਗੀ ਸਾਫ਼ ਕਰਦੇ ਹਨ, ਲੇਕਿਨ ‘ਆਪ’ ਸਰਕਾਰ ਸਫ਼ਾਈ ਸੇਵਕਾਂ ਨੂੰ ਹੀ ਅਣਗੋਲਿਆਂ ਕਰਕੇ ਸਫ਼ਾਈ ਸੇਵਕਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਧੋਖਿਆਂ ਦਾ ਬਦਲਾ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਵਿਖਾ ਕੇ ਦੇਣਗੇ ਅਤੇ ਆਮ ਆਦਮੀ ਪਾਰਟੀ ਦਾ ਖ਼ਾਤਮਾ ਕਰਨਗੇ।
ਉਨ੍ਹਾਂ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਦਿਵਾਇਆ ਕਿ ਕਾਂਗਰਸ ਹਮੇਸ਼ਾਂ ਮਜ਼ਦੂਰ ਵਰਗ ਦੇ ਹੱਕਾਂ ਲਈ ਡੱਟ ਕੇ ਖੜ੍ਹੀ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਸਫਾਈ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੇ ਬਣਦੇ ਹੱਕ, ਸਨਮਾਨ ਅਤੇ ਇਨਸਾਫ਼ ਜ਼ਰੂਰ ਦਿੱਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ, ਹੀਰਾ ਸਿੰਘ ਮੱਲੀ, ਅੰਗਰੇਜ਼ ਸਿੰਘ ਖੱਬੇ ਏਬੀਟੀਸੀ ਟਰਾਂਸਪੋਰਟ ਵਾਲੇ, ਗੁਰਵਿੰਦਰ ਸਿੰਘ ਬੋਬੀ ਤਖਤੂਚੱਕ, ਪ੍ਰਗਟ ਸਿੰਘ ਦਫ਼ਤਰ ਇੰਚਾਰਜ, ਗੌਰਵ ਸ਼ਰਮਾ, ਸੁਖਜੀਤ ਸਿੰਘ ਸਪੋਕਸਮੈਨ ਆਦਿ ਹਾਜ਼ਰ ਸਨ।