ਸਾਂਝੀ ਕੰਧ ਦਾ ਵਿਵਾਦ ਖ਼ੂਨੀ ਟਕਰਾਅ 'ਚ ਬਦਲਿਆ: ਚੱਲੀ ਗੋਲੀ, ਇੱਕ ਔਰਤ ਗੰਭੀਰ ਜ਼ਖ਼ਮੀ
ਤਰਨਤਾਰਨ ਦੇ ਸਰਹੱਦੀ ਪਿੰਡ ਵਲਟੋਹਾ ਵਿਖੇ ਸਾਂਝੀ ਕੰਧ ਦੇ ਰੌਲੇ ’ਚ ਰਿਸ਼ਤੇਦਾਰ ਦੀ ਮਦਦ ਲਈ ਆਏ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਇਸ ਗੋਲੀ ਨਾਲ ਉਸੇ ਦੀ ਮਾਮੀ ਜ਼ਖ਼ਮੀ ਹੋ ਗਈ, ਜਿਨ੍ਹਾਂ ਦੀ ਮਦਦ ਲਈ ਉਹ ਆਇਆ ਸੀ।
Publish Date: Sat, 02 May 2026 12:30 PM (IST)
Updated Date: Sat, 02 May 2026 12:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਦੇ ਸਰਹੱਦੀ ਪਿੰਡ ਵਲਟੋਹਾ ਵਿਖੇ ਸਾਂਝੀ ਕੰਧ ਦੇ ਰੌਲੇ ’ਚ ਰਿਸ਼ਤੇਦਾਰ ਦੀ ਮਦਦ ਲਈ ਆਏ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਇਸ ਗੋਲੀ ਨਾਲ ਉਸੇ ਦੀ ਮਾਮੀ ਜ਼ਖ਼ਮੀ ਹੋ ਗਈ, ਜਿਨ੍ਹਾਂ ਦੀ ਮਦਦ ਲਈ ਉਹ ਆਇਆ ਸੀ।
ਜ਼ਖ਼ਮੀ ਔਰਤ ਨੂੰ ਵਲਟੋਹਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਘਟਨਾ ਸਥਾਨ ’ਤੇ ਪੁੱਜੀ ਥਾਣਾ ਵਲਟੋਹਾ ਦੀ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਰਮਲ ਸਿੰਘ ਜੰਮੂ ਪੁੱਤਰ ਗੁਰਮੇਜ ਸਿੰਘ ਵਾਸੀ ਵਲਟੋਹਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਸੁਖਦੇਵ ਸਿੰਘ ਪੁੱਤਰ ਮੰਗਤ ਸਿੰਘ ਨਾਲ ਸਾਂਝੀ ਕੰਧ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਜਿਸਦਾ ਰਾਜੀਨਾਮਾ ਕਰਵਾਉਣ ਲਈ ਮੋਹਤਬਰਾਂ ਨੇ ਸਮਾਂ ਵੀ ਤੈਅ ਕੀਤਾ ਹੋਇਆ ਸੀ ਪਰ ਇਸ ਤੋਂ ਪਹਿਲਾਂ ਦੁਪਹਿਰ ਕਰੀਬ ਡੇਢ ਵਜੇ ਸੁਖਦੇਵ ਸਿੰਘ ਦਾ ਰਿਸ਼ਤੇਦਾਰ ਪਰਵਿੰਦਰ ਸਿੰਘ ਪਿੰਦਾ ਪੁੱਤਰ ਪ੍ਰਗਟ ਸਿੰਘ ਵਾਸੀ ਆਲੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੋ ਅਣਪਛਾਤਿਆਂ ਸਮੇਤ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗ ਪਿਆ।
ਇੰਨਾ ਹੀ ਨਹੀਂ ਉਸਨੇ ਪਿਸਤੌਲ ਨਾਲ ਉਨ੍ਹਾਂ ਵੱਲ ਜਦੋਂ ਗੋਲੀ ਚਲਾਈ ਤਾਂ ਪਿੰਦਾ ਦੀ ਆਪਣੀ ਮਾਮੀ ਸਰਬਜੀਤ ਕੌਰ ਪਤਨੀ ਸੁਖਦੇਵ ਸਿੰਘ ਉਨ੍ਹਾਂ ਦੇ ਅੱਗੇ ਹੋ ਗਈ, ਜਿਸ ਕਰਕੇ ਗੋਲੀ ਉਸਦੇ ਪੇਟ ਵਿਚ ਜਾ ਲੱਗੀ। ਗੋਲੀ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਫਰਾਰ ਹੋ ਗਏ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਪਿੰਦਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।