ਢਾਬਾ ਮਾਲਕ ਦੀ ਵੱਡੀ ਲਾਪਰਵਾਹੀ: ਸਿਰਹਾਣੇ ਹੇਠ ਰੱਖਿਆ ਪਿਸਤੌਲ ਚੋਰੀ, ਅਣਪਛਾਤੇ ਵਿਅਕਤੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਤਰਨਤਾਰਨ ਦੇ ਪਿੰਡ ਖਾਰਾ ਦੇ ਪੁਲ ਕੋਲ ਸਥਿਤ ਪੰਜਾਬੀ ਢਾਬੇ ਦੇ ਮਾਲਕ ਦਾ ਪਿਸਤੌਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਾਲੀ ਦੀ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 19 Apr 2026 01:15 PM (IST)
Updated Date: Sun, 19 Apr 2026 01:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਾਲੀ ਕਲਾਂ। ਤਰਨਤਾਰਨ ਦੇ ਪਿੰਡ ਖਾਰਾ ਦੇ ਪੁਲ ਕੋਲ ਸਥਿਤ ਪੰਜਾਬੀ ਢਾਬੇ ਦੇ ਮਾਲਕ ਦਾ ਪਿਸਤੌਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਾਲੀ ਦੀ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਲਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜੋਧਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਕੋਲ ਲਾਇਸੈਂਸ 32 ਬੋਰ ਦਾ ਪਿਸਤੌਲ ਹੈ ਜੋ ਢਾਬੇ ’ਤੇ ਆਉਣ ਸਮੇਂ ਉਹ ਨਾਲ ਹੀ ਰੱਖਦਾ ਹੈ। ਉਹ ਢਾਬੇ ’ਤੇ ਆਇਆ ਅਤੇ ਪਿਸਤੌਲ ਦਫਤਰ ’ਚ ਲੱਗੇ ਬੈੱਡ ਦੇ ਸਿਰਹਾਣੇ ਹੇਠ ਰੱਖ ਦਿੱਤਾ।
ਸ਼ਾਮ ਜਦੋਂ 6 ਵਜੇ ਉਹ ਘਰ ਚੱਲਿਆ ਤਾਂ ਵੇਖਿਆ ਕਿ ਉਸਦਾ ਪਿਸਤੌਲ ਚੋਰੀ ਹੋ ਚੁੱਕਾ ਸੀ। ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬੀਰ ਸਿੰਘ ਨੇ ਦੱਸਿਆ ਕਿ ਪਿਸਤੌਲ ਚੋਰੀ ਕਰਨ ਵਾਲੇ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸ ਨੂੰ ਕਾਬੂ ਕਰ ਲਿਆ ਜਾਵੇਗਾ।