ਪੰਜਾਬ ਸਰਕਾਰ ਤੇ ਸਾਬਕਾ ਮੰਤਰੀ ਭੁੱਲਰ ਦੀ ਅਗਵਾਈ ਹੇਠ ਪੱਟੀ ਹਲਕੇ ’ਚ ਵਿਕਾਸ ਕਾਰਜ ਜਾਰੀ : ਭੁੱਲਰ
ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਵੀ ਸਰਕਾਰ ਦੀ ਮੁੱਖ ਤਰਜੀਹ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਖੇਡਾਂ ਤੇ ਸਿੱਖਿਆ ਵੱਲ ਲਗਾ ਸਕਣ।
Publish Date: Mon, 04 May 2026 07:35 PM (IST)
Updated Date: Tue, 05 May 2026 04:15 AM (IST)
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਹਲਕਾ ਪੱਟੀ ਦੇ ਪਿੰਡ ਸੇਰੋਂ ’ਚ ਨਵੇਂ ਖੇਡ ਗਰਾਊਂਡ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਲੋਕਾਂ ਤੇ ਨੌਜਵਾਨਾਂ ’ਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਹਲਕਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਪਤਨੀ ਸੁਰਿੰਦਰਪਾਲ ਕੌਰ ਭੁੱਲਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਉਨ੍ਹਾਂ ਨੇ ਗਰਾਊਂਡ ਦਾ ਉਦਘਾਟਨ ਕਰਦਿਆਂ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਸੰਬੋਧਨ ਦੌਰਾਨ ਸੁਰਿੰਦਰਪਾਲ ਕੌਰ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਹਲਕਾ ਪੱਟੀ ’ਚ ਲਗਾਤਾਰ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਦੇ ਵਿਕਾਸ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਵੀ ਸਰਕਾਰ ਦੀ ਮੁੱਖ ਤਰਜੀਹ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਊਰਜਾ ਖੇਡਾਂ ਤੇ ਸਿੱਖਿਆ ਵੱਲ ਲਗਾ ਸਕਣ।
ਇਹ ਨਵਾਂ ਖੇਡ ਗਰਾਊਂਡ ਪਿੰਡ ਸੇਰੋਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨੌਜਵਾਨਾਂ ਲਈ ਇਕ ਵੱਡਾ ਤੋਹਫਾ ਸਾਬਿਤ ਹੋਵੇਗਾ। ਇੱਥੇ ਨੌਜਵਾਨ ਕ੍ਰਿਕਟ, ਫੁੱਟਬਾਲ ਤੇ ਹੋਰ ਖੇਡਾਂ ਦੀ ਪ੍ਰੈਕਟਿਸ ਕਰ ਕੇ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਨਾਲ ਨਾ ਸਿਰਫ਼ ਸਰੀਰਕ ਤੰਦਰੁਸਤੀ ਵਧਦੀ ਹੈ, ਸਗੋਂ ਨੌਜਵਾਨਾਂ ’ਚ ਅਨੁਸ਼ਾਸਨ, ਟੀਮ ਵਰਕ ਤੇ ਆਤਮ ਵਿਸ਼ਵਾਸ ਵੀ ਪੈਦਾ ਹੁੰਦਾ ਹੈ।
ਉਨ੍ਹਾਂ ਅੰਤ ’ਚ ‘ਵਾਹਿਗੁਰੂ’ ਅੱਗੇ ਅਰਦਾਸ ਕੀਤੀ ਕਿ ਇਹ ਗਰਾਊਂਡ ਹਲਕਾ ਪੱਟੀ ਦੇ ਨੌਜਵਾਨਾਂ ਲਈ ਕਾਮਯਾਬੀ ਦਾ ਕੇਂਦਰ ਬਣੇ ਤੇ ਇਲਾਕਾ ਦਿਨੋਂ ਦਿਨ ਚੜ੍ਹਦੀ ਕਲਾ ਵੱਲ ਵਧਦਾ ਰਹੇ। ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕਰਦਿਆਂ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
=====
ਮੁੱਖ ਮੰਤਰੀ ਦੀ ਸੋਚ ਸਦਕਾ ਪਿੰਡਾਂ ’ਚ ਵਿਕਾਸ ਦੀ ਲਹਿਰ
ਸੁਰਿੰਦਰਪਾਲ ਕੌਰ ਭੁੱਲਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਤੇ ਯਤਨਾਂ ਸਦਕਾ ਪਿੰਡਾਂ ’ਚ ਵਿਕਾਸ ਦੀ ਨਵੀਂ ਲਹਿਰ ਚੱਲ ਰਹੀ ਹੈ। ਹਲਕਾ ਪੱਟੀ ’ਚ ਸੜਕਾਂ, ਗਲੀਆਂ, ਖੇਡ ਮੈਦਾਨਾਂ ਤੇ ਹੋਰ ਬੁਨਿਆਦੀ ਸਹੂਲਤਾਂ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ, ਜਿਸ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ।