ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਵਿਕਾਸ : ਕੌਂਸਲਰ ਮਨੋਜ
ਵਾਰਡ ਨੰਬਰ 10 ਦੇ ਵਸਨੀਕ ਪਾਰਟੀ ਦੇ ਮੋਢੋ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
Publish Date: Sat, 02 May 2026 06:08 PM (IST)
Updated Date: Sun, 03 May 2026 04:11 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ’ਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ, ਉਦੋਂ ਹੀ ਸੂਬੇ ਦਾ ਵਿਕਾਸ ਹੋਇਆ। ਜਦੋਂਕਿ ਬਾਅਦ ਵਿਚ ਕਿਸੇ ਸਰਕਾਰ ਨੇ ਪੰਜਾਬ ਦੀ ਸਾਰ ਨਹੀਂ ਲਈ ਅਤੇ ਅੱਜ ਪਹਿਲਾਂ ਹੋਇਆ ਵਿਕਾਸ ਵੀ ਡਗਮਗਾ ਰਿਹਾ ਹੈ। ਇਹ ਪ੍ਰਗਟਾਵਾ ਤਰਨਤਾਰਨ ਦੀ ਵਾਰਡ ਨੰਬਰ 10 ਤੋਂ ਕੌਂਸਲਰ ਐਡਵੋਕੇਟ ਮਨੋਜ ਅਗਨੀਹੋਤਰੀ ਨੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਕੌਂਸਲਰ ਮਨੋਜ ਨੇ ਇਸ ਮੌਕੇ ਕਿਹਾ ਕਿ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਵਿਕਾਸ ਨੂੰ ਲੋਕ ਯਾਦ ਕਰ ਰਹੇ ਹਨ। ਇਸੇ ਕਰਕੇ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਥੇ ਵੀ ‘ਪੰਜਾਬ ਬਚਾਓ’ ਰੈਲੀ ਕੀਤੀ ਜਾਂਦੀ ਹੈ, ਉਥੇ ਹਜ਼ਾਰਾਂ ਪੰਜਾਬ ਵਾਸੀਆਂ ਦਾ ਇਕੱਠ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਤਰਨਤਾਰਨ ਹਲਕੇ ’ਚ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਤਨਦੇਹੀ ਨਾਲ ਮਿਹਨਤ ਕੀਤੀ ਜਾ ਰਹੀ ਹੈ ਤੇ ਹਲਕੇ ਦੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਪਿਆਰ ਇਸ ਗੱਲ ਦਾ ਸਬੂਤ ਹੈ ਕਿ ਉਹ ਇਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਇਸ ਹਲਕੇ ਦੀ ਨੁਮਾਇੰਦਗੀ ਦੇਣਾ ਚਾਹੁੰਦੇ ਹਨ। ਐਡਵੋਕੇਟ ਅਗਨੀਹੋਤਰੀ ਨੇ ਕਿਹਾ ਕਿ ਬਿਜਲੀ ਕੱਟਾਂ ਵਿਰੁੱਧ ਅਕਾਲੀ ਦਲ ਵੱਲੋਂ ਰੱਖੇ ਗਏ ਪ੍ਰਦਰਸ਼ਨ ’ਚ ਲੋਕਾਂ ਦੀ ਵੱਡੀ ਸ਼ਮੂਲੀਅਤ ਨੇ ਦੱਸ ਦਿੱਤਾ ਹੈ ਕਿ ਜੇਕਰ ਪੰਜਾਬ ਦੀ ਕੋਈ ਸੁਚੱਜੀ ਅਗਵਾਈ ਕਰ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ। ਕੌਂਸਲਰ ਅਗਨੀਹੋਤਰੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਹਰ ਜ਼ਿੰਮੇਵਾਰੀ ਨੂੰ ਹਲਕਾ ਇੰਚਾਰਜ ਬੀਬਾ ਕੰਚਨਪ੍ਰੀਤ ਕੌਰ ਦੀ ਅਗਵਾਈ ਹੇਠ ਤਨਦੇਹੀ ਨਾਲ ਨਿਭਾਇਆ ਜਾਵੇਗਾ ਤੇ ਪਾਰਟੀ ਦੀ ਮਜ਼ਬੂਤੀ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਵਾਰਡ ਨੰਬਰ 10 ਦੇ ਵਸਨੀਕ ਪਾਰਟੀ ਦੇ ਮੋਢੋ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸ ਮੌਕੇ ਗਗਨ ਚੌਧਰੀ, ਦੀਪਕ ਡੋਗਰਾ, ਸੰਦੀਪ ਕੌਰ ਵਾਰਡ ਪ੍ਰਧਾਨ, ਨੀਰਜ ਸ਼ਰਮਾ, ਅੰਮ੍ਰਿਤਪਾਲ ਸਿੰਘ, ਰਾਕੇਸ਼ ਸ਼ਰਮਾ, ਸ਼ਿਵ ਕੁਮਾਰ, ਹਰਦੀਪ ਸਿੰਘ, ਗੌਤਮ ਜੋਸ਼ੀ, ਰਾਜੂ ਸਿੰਘ, ਸਤੀਸ਼ ਕੁਮਾਰ ਮਿੱਠਾ ਅਗਰਵਾਲ, ਸ਼ੈਲੀ ਸਿੰਘ, ਅਜੇ ਦੇਵਗਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਾਰਡ ਵਾਸੀ ਮੌਜੂਦ ਸਨ।