ਸਕੂਲਾਂ ’ਚ ਹੋ ਰਹੇ ਵਧੀਆ ਉਪਰਾਲਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਤਕ ਲਿਜਾਇਆ ਜਾਵੇ, ਤਾਂ ਜੋ ਉਹ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਵਾਕਿਫ਼ ਹੋਣ

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਦੇ ਮੁਲਾਂਕਣ, ਮਿਸ਼ਨ ਸਮੱਰਥ 4.0 ਤੇ ਜ਼ਿਲ੍ਹੇ ’ਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਜਾਇਜ਼ਾ ਲੈਣ ਹਿੱਤ ਡੀਈਓ ਐਲੀਮੈਂਟਰੀ ਤਰਨਤਾਰਨ ਰਾਜੀਵ ਕੁਮਾਰ ਛਾਬੜਾ ਵੱਲੋਂ ਜ਼ਿਲ੍ਹੇ ਦੇ ਸਮੂਹ ਨੌਂ ਸਿੱਖਿਆ ਬਲਾਕਾਂ ਦੇ ਬਲਾਕ ਸਿੱਖਿਆ ਅਫ਼ਸਰਾਂ ਨਾਲ ਵੰਨ-ਟੂ-ਵੰਨ ਮੀਟਿੰਗ ਰੱਖੀ ਗਈ। ਜਿਸ ਤਹਿਤ ਉਨ੍ਹਾਂ ਵੱਲੋਂ ਹਰੇਕ ਬੀਪੀਈਓ ਨਾਲ ਦਾਖ਼ਲਾ ਮੁਹਿੰਮ 2026 ਤਹਿਤ ਪ੍ਰਾਇਮਰੀ ਸਕੂਲਾਂ ’ਚ ਨਵੇਂ ਦਾਖ਼ਲਿਆਂ ਸਬੰਧੀ ਵਿਸਥਾਰਤ ਚਰਚਾ ਕੀਤੀ ਗਈ। ਇਸ ਮੌਕੇ ਬੀਪੀਈਓ ਜਸਵਿੰਦਰ ਸਿੰਘ ਬਲਾਕ ਭਿੱਖੀਵਿੰਡ ਤੇ ਬਲਾਕ ਪੱਟੀ, ਪਾਰਸ ਖੁੱਲਰ ਬੀਪੀਈਓ ਵਲਟੋਹਾ, ਦਿਲਬਾਗ ਸਿੰਘ ਬੀਪੀਈਓ ਖਡੂਰ ਸਾਹਿਬ, ਸਰਬਜੀਤ ਸਿੰਘ ਬੀਪੀਈਓ ਤਰਨਤਾਰਨ ਪਰਾਪਰ, ਕੁਲਵਿੰਦਰ ਸਿੰਘ ਬੀਪੀਈਓ ਚੋਹਲਾ ਸਾਹਿਬ ਅਤੇ ਨੌਸ਼ਹਿਰਾ ਪਨੂੰਆਂ, ਹਰਦੀਪ ਸਿੰਘ ਬੀਪੀਈਓ ਬਲਾਕ ਨੂਰਦੀ ਤੇ ਬੀਪੀਈਓ ਗੰਡੀਵਿੰਡ ਵੱਲੋਂ ਡੀਈਓ ਤਰਨਤਾਰਨ ਨੂੰ ਅੰਕੜਿਆਂ ਨਾਲ ਸਕੂਲ ਵਾਇਜ਼ ਦਾਖ਼ਲਾ ਵਧਾਉਣ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਰਾਜੀਵ ਛਾਬੜਾ ਨੇ ਇਸ ਮੌਕੇ ਬੀਪੀਈਓ ਨੂੰ ਕਿਹਾ ਕਿ ਸਕੂਲ ਮੁਖੀਆਂ/ਅਧਿਆਪਕਾਂ ਨੂੰ ਘਰ-ਘਰ ਪਹੁੰਚ ਕਰ ਕੇ ਤੇ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਸਰਕਾਰੀ ਸਕੂਲਾਂ ’ਚ ਵੱਧ ਤੋਂ ਵੱਧ ਦਾਖ਼ਲਾ ਵਧਾਉਣ ਦੇ ਉਪਰਾਲੇ ਕੀਤੇ ਜਾਣ ਲਈ ਉਤਸ਼ਾਹਿਤ ਕੀਤਾ ਜਾਵੇ। ਡੀਈਓ ਐਲੀਮੈਂਟਰੀ ਨੇ ਦੱਸਿਆ ਕਿ ਸਕੂਲਾਂ ’ਚ ਹੋ ਰਹੇ ਵਧੀਆ ਉਪਰਾਲਿਆਂ ਨੂੰ ਆਪਣੇ ਪਿੰਡ ਦੇ ਲੋਕਾਂ ਤਕ ਲਿਜਾਇਆ ਜਾਵੇ, ਤਾਂ ਜੋ ਉਹ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਵਾਕਿਫ਼ ਹੋਣ ਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਵਾਉਣ। ਉਨ੍ਹਾਂ ਨੇ ਅਧਿਆਪਕਾਂ ਦੇ ਕੰਮਾਂ ਦੀ ਸਬੰਧਤ ਦਫ਼ਤਰਾਂ ’ਚ ਪੈਂਡੈਂਸੀ ਨੂੰ ਖ਼ਤਮ ਕਰਨ ਸਬੰਧੀ ਧਿਆਨ ਕੇਂਦਰਿਤ ਕਰਨ ਲਈ ਕਿਹਾ। ਉਨ੍ਹਾਂ ਮਿਸ਼ਨ ਸਮੱਰਥ 4.0 ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਮਿਸ਼ਨ ਸਮੱਰਥ 4.0, ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਿੱਤੀ ਸਮਾਂ ਸਾਰਣੀ ਅਨੁਸਾਰ ਤੇ ਦਿੱਤੇ ਲੈਵਲਾਂ ਅਨੁਸਾਰ ਚਲਾਇਆ ਜਾਵੇ।
ਇਸ ਸਬੰਧੀ ਡੀਆਰਸੀ ਅਨੂਪ ਸਿੰਘ ਮੈਣੀ ਨੇ ਕਿਹਾ ਕਿ ਇਹ ਨਿਸ਼ਚਿਤ ਕੀਤਾ ਜਾਵੇ ਕਿ ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਬੇਸਲਾਈਨ ਟੈਸਟਿੰਗ ਉਪਰੰਤ ਆਪਣੇ ਪੱਧਰਾਂ ਅਨੁਸਾਰ ਹੀ ਬੈਠਦੇ ਹੋਣ ਤਾਂ ਜੋ ਮਿਸ਼ਨ ਸਮੱਰਥ ਨੂੰ ਸਹੀ ਰੂਪ ’ਚ ਚਲਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਕਿਹਾ ਕਿ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਜਮਾਤਾਂ ਅਨੁਸਾਰ ਨਿਰਧਾਰਤ ਕੀਤੇ ਪੱਧਰਾਂ 'ਤੇ ਲਿਜਾਣ ਲਈ ਭਰਪੂਰ ਯਤਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਤੀਸਰੀ ਤੋਂ ਪੰਜਵੀਂ ਜਮਾਤ ਤਕ ਹਰ ਵਿਦਿਆਰਥੀ ਦੀ ਬੇਸ ਲਾਈਨ ਟੈਸਟਿੰਗ ਕਰਨ ਉਪਰੰਤ ਈ-ਪੰਜਾਬ ਐਪ ਉੱਤੇ ਅਪਡੇਟ ਕੀਤਾ ਜਾਵੇ।
ਸਮੂਹ ਬੀਪੀਈਓਜ਼ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਧੀਨ ਆਉਂਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਨਿਰੰਤਰ ਤਾਲਮੇਲ ਰੱਖਦਿਆਂ ਮੀਟਿੰਗ ਦੌਰਾਨ ਵਿਚਾਰੇ ਗਏ ਐਨਰੋਲਮੈਂਟ ਵਧਾਉਣ ਤੇ ਹੋਰ ਮੁੱਦਿਆਂ ’ਤੇ ਖਰਾ ਉਤਰਨ ਲਈ ਤੇ ਜ਼ਿਲ੍ਹਾ ਤਰਨਤਾਰਨ ਨੂੰ ਸਿੱਖਿਆ ਦੇ ਖੇਤਰ ’ਚ ਅੱਗੇ ਲਿਜਾਣ ਲਈ ਭਰਪੂਰ ਯਤਨ ਕਰਨਗੇ।