ਜਮਹੂਰੀ ਕਿਸਾਨ ਸਭਾ ਪੰਜਾਬ ਨੇ ਟਰੰਪ, ਮੋਦੀ ਅਤੇ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ
ਖੰਡ ਮਿੱਲ ਚਾਲੂ ਕਰਵਾਉਣ ਦੀ ਮੰਗ ਪੂਰੀ ਕਰਵਾਉਣ ਲਈ ਸੰਯੁਕਤ ਮੋਰਚਾ ਪੰਜਾਬ ਹਰ ਤਰ੍ਹਾਂ ਨਾਲ ਤੁਹਾਡੀ ਜੱਦੋ ਜਹਿਦ ਦੀ ਮਦਦ ਕਰੇਗਾ
Publish Date: Sat, 25 Apr 2026 04:24 PM (IST)
Updated Date: Sun, 26 Apr 2026 04:04 AM (IST)

ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ : ਸਬ-ਡਵੀਜ਼ਨ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਦਿਆਲਪੁਰਾ ’ਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਜਸਪਾਲ ਸਿੰਘ, ਸਰੂਪ ਸਿੰਘ ਤੇ ਬਲਜੀਤ ਸਿੰਘ ਦੀ ਸਾਂਝੀ ਅਗਵਾਈ ’ਚ ਅਮਰੀਕੀ ਰਾਸ਼ਟਰਪਤੀ ਟਰੰਪ, ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦਲਜੀਤ ਸਿੰਘ ਦਿਆਲਪੁਰਾ ਜ਼ਿਲ੍ਹਾ ਸਕੱਤਰ ਜਮਹੂਰੀ ਕਿਸਾਨ ਸਭਾ ਤੇ ਜ਼ਿਲ੍ਹਾ ਕਮੇਟੀ ਮੈਂਬਰ ਬਲਦੇਵ ਸਿੰਘ ਅਹਿਮਦਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੰਯੁਕਤ ਮੋਰਚਾ ਤਰਨਤਾਰਨ ਵੱਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਵੱਖ-ਵੱਖ ਰੂਪਾਂ ’ਚ ਸੰਘਰਸ਼ ਕਰਦਾ ਆ ਰਿਹਾ ਹੈ। ਇਹ ਹੱਕੀ ਤੇ ਜਾਇਜ਼ ਮੰਗ ਮੰਨਣ ਤੇ ਗੱਲਬਾਤ ਰਾਹੀ ਮਸਲਾ ਹਾਲਤ ਦੀ ਥਾਂ ਮੁੱਖ ਮੰਤਰੀ ਪੰਜਾਬ ਨੇ 17 ਕਿਸਾਨਾਂ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ। ਇਸ ਨਵੀਂ ਪੈਦਾ ਹੋਈ ਸਥਿਤੀ ਨੂੰ ਧਿਆਨ ’ਚ ਰੱਖ ਕੇ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਸੰਯੁਕਤ ਮੋਰਚੇ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਹਰਜਿੰਦਰ ਸਿੰਘ ਟਾਂਡਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੰਡ ਮਿੱਲ ਚਾਲੂ ਕਰਵਾਉਣ ਦੀ ਮੰਗ ਪੂਰੀ ਕਰਵਾਉਣ ਲਈ ਸੰਯੁਕਤ ਮੋਰਚਾ ਪੰਜਾਬ ਹਰ ਤਰ੍ਹਾਂ ਨਾਲ ਤੁਹਾਡੀ ਜੱਦੋ ਜਹਿਦ ਦੀ ਮਦਦ ਕਰੇਗਾ। ਇਸ ਮੌਕੇ ਡਾ. ਸਤਿਨਾਮ ਸਿੰਘ ਅਜਨਾਲਾ ਨੇ 10 ਹਜ਼ਾਰ ਰੁਪਏ ਫੰਡ ਵੀ ਦਿੱਤਾ ਤੇ ਸੰਯੁਕਤ ਮੋਰਚਾ ਪੰਜਾਬ ਦੀ ਅਗਲੀ ਮੀਟਿੰਗ ਤਰਨਤਾਰਨ ਕਰਨ ਬਾਰੇ ਜਾਣਕਾਰੀ ਵੀ ਦਿੱਤੀ। ਇਸ ਹੌਸਲੇ ਅਫਜ਼ਾਈ ਦਾ ਮੀਟਿੰਗ ’ਚ ਮੌਜੂਦ ਆਗੂਆਂ ਨੇ ਨਾਅਰੇ ਮਾਰ ਕੇ ਡਾ.ਸਤਿਨਾਮ ਸਿੰਘ ਦਾ ਧੰਨਵਾਦ ਕੀਤਾ । ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਈਰਾਨ ’ਤੇ ਹਮਲਾ ਕਰ ਕੇ ਦੁਨੀਆ ਲਈ ਪੈਦਾ ਕੀਤੀ ਗਈ ਆਰਥਿਕ ਮੁਸੀਬਤ ਦੀ ਵੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਖੁਦ ਮੁਖਤਾਰ ਇਰਾਨ ਦੇਸ਼ ’ਤੇ ਕੀਤਾ ਗਿਆ ਬਹਾਨਾ ਬਣਾ ਕੇ ਹਮਲਾ ਫੋਰਨ ਬੰਦ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ, ਹਰਜਿੰਦਰ ਸਿੰਘ ਬੱਬੂ, ਮੇਜਰ ਸਿੰਘ, ਗੁਰਦੇਵ ਸਿੰਘ, ਅਮਰੀਕ ਸਿੰਘ, ਨਿਰਵੈਲ ਸਿੰਘ, ਸਰੂਪ ਸਿੰਘ ,ਹੀਰਾ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਸਰਮੁਖ ਸਿੰਘ ਅਤੇ ਅਮਰੀਕ ਸਿੰਘ ਮਾਣਕਪੁਰਾ ਵੀ ਮੌਜੂਦ ਸਨ। ਅੰਤ ਵਿਚ ਕੁਲਬੀਰ ਸਿੰਘ ਲਾਡੀ ਨੇ ਹਾਜਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਸਹਿਕਾਰੀ ਖੰਡ ਮਿੱਲ ਚਲਵਾਉਣ ਲਈ ਸ਼ੁਰੂ ਕੀਤੇ ਜਾਣ ਵਾਲੇ ਅਗਲੇ ਸ਼ੰਘਰਸ਼ ਲਈ ਤਿਆਰ ਰਹਿਣ ਲਈ ਸੱਦਾ ਦਿੱਤਾ।