ਪਹਿਲੀ ਮਾਰਚ ਤੋਂ ਨਵੇਂ ਰੇਟਾਂ ’ਚ 15 ਫ਼ੀਸਦੀ ਦਾ ਵਾਧਾ ਕਰਦਿਆਂ ਭੱਠਾ ਮਜ਼ਦੂਰਾਂ ਨੂੰ ਵਾਧਾ ਦਿੱਤਾ ਜਾਵੇ

ਭੱਠਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਜ਼ਿਲ੍ਹਾ ਲੇਬਰ ਦਫ਼ਤਰ ’ਚ ਦਿੱਤਾ ਮੰਗ ਪੱਤਰ
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਲਾਲ ਝੰਡਾ ਭੱਠਾ ਵਰਕਰ ਯੂਨੀਅਨ ਸੀਟੂ ਪੰਜਾਬ ਨੇ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਮੰਗ ਪੱਤਰ ਭੇਜਿਆ ਹੈ। ਉਕਤ ਯੂਨੀਅਨ ਦੇ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਦੇ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਗੁਰਦੀਪ ਸਿੰਘ ਬੁਤਾਲਾ ਤੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਚਰਨਜੀਤ ਸਿੰਘ ਮਜੀਠਾ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਗੋਹਲਵੜ ਆਦਿ ਆਗੂਆਂ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਹੱਕੀ ਤੇ ਜ਼ਾਇਜ਼ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਲੇਬਰ ਦਫ਼ਤਰਾਂ ਦੇ ਇੰਸਪੈਕਟਰ ਨਤੀਸ਼ ਅਗਰਵਾਲ ਤੇ ਇੰਸਪੈਕਟਰ ਜਸਪਾਲ ਸਿੰਘ ਨੂੰ ਮੰਗ ਪੱਤਰ ਦਿੱਤੇ ਗਏ ਹਨ।
ਆਗੂਆਂ ਨੇ ਕਿਹਾ ਕਿ ਪਹਿਲੀ ਮਾਰਚ ਤੋਂ ਨਵੇਂ ਰੇਟਾਂ ’ਚ 15 ਫ਼ੀਸਦੀ ਦਾ ਵਾਧਾ ਕਰਦਿਆਂ ਭੱਠਾ ਮਜ਼ਦੂਰਾਂ ਨੂੰ ਵਾਧਾ ਦਿੱਤਾ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਭੱਠਾ ਸਨਅਤ ’ਚ ਕੰਮ ਕਰਨ ਵਾਲੇ ਕਿਰਤੀ ਤੇ ਨਿਕਾਸੀ, ਢੁਵਾਈ, ਮਿਸਤਰੀ, ਜਲਾਈ ਵਾਲੇ, ਕੋਲੇ ਵਾਲੇ, ਲੋਡਿੰਗ ਤੇ ਅਣਲੋਡਿੰਗ ਵਾਲੇ ਕਿਰਤੀਆਂ ਦੇ ਰੇਟਾਂ ’ਚ 15 ਫ਼ੀਸਦੀ ਵਾਧਾ ਕੀਤਾ ਜਾਵੇ। ਭੱਠੇ ’ਤੇ ਕੰਮ ਕਰਨ ਵਾਲੇ ਕਿਰਤੀਆਂ ਨੂੰ ਭੱਠਾ ਸਨਅਤ ਵਿਚ ਕੰਮ ਕਰਨ ਵਾਲੇ ਸੰਦ ਰੇਹੜੀ, ਕਹੀ, ਬਾਲਟੀ ਤੇ ਫਾਉੜਾ ਭੱਠਾ ਮਾਲਕ ਵੱਲੋਂ ਦਿੱਤੇ ਜਾਣ ਤੇ ਭੱਠਾ ਮਾਲਕਾਂ ਵੱਲੋਂ ਸੰਦਾਂ ਦੀ ਘਸਾਈ ਬਦਲੇ ਘੱਟੋਂ -ਘੱਟ 700 ਰੁਪਏ ਦਿੱਤੇ ਜਾਣ।
ਉਕਤ ਆਗੂਆਂ ਨੇ ਕਿਹਾ ਕਿ ਭੱਠੇ ’ਤੇ ਕੰਮ ਕਰਨ ਵਾਲੇ ਕਿਰਤੀਆਂ ਲਈ ਬਿਜਲੀ ਤੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਔਰਤਾਂ ਲਈ ਬਾਥਰੂਮ ਤੇ ਇਸ਼ਨਾਨ ਘਰਾਂ ਦਾ ਪ੍ਰਬੰਧ ਕੀਤਾ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਭੱਠਿਆਂ ’ਤੇ 1948 ਦਾ ਬਣਿਆ ਫੈਕਟਰੀ ਐਕਟ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਤਾਂ ਜੋ ਮਜ਼ਦੂਰਾਂ ਦੀ ਹਾਜ਼ਰੀ ’ਤੇ ਈਐੱਸਆਈ, ਪੀਐੱਫ ਕੱਟਿਆ ਜਾ ਸਕੇ। ਪੀਡੀਐੱਸ ਕਾਨੂੰਨ ਮੁਤਾਬਿਕ ਭੱਠਾ ਮਜ਼ਦੂਰਾਂ ’ਤੇ ਸਾਰੀਆਂ ਸਹੂਲਤਾਂ ਲਾਗੂ ਕੀਤੀਆਂ ਜਾਣ।
ਉਕਤ ਆਗੂਆਂ ਨੇ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਇਕ ਪਾਸੇ ਦਾ ਕਿਰਾਇਆ ਦਿੱਤਾ ਜਾਵੇ, ਅੰਤਰਰਾਜੀ ਦਾ 1979 ਐਕਟ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਮੁਨਸ਼ੀ, ਚੌਕੀਦਾਰ, ਡਰਾਈਵਰ ਤੇ ਕਲੀਨਰ ਆਦਿ ਦੀਆਂ ਤਨਖਾਹਾਂ ਘੱਟੋਂ ਘੱਟ ਵੇਜ ਦੇ ਨੋਟੀਫਿਕੇਸ਼ਨ ਮੁਤਾਬਿਕ ਬੇਸਿਕ-ਪੇ ਮੰਨਿਆ ਜਾਵੇ, ਨਿਕਾਸੀ ਅਤੇ ਪਰਜਾਪਤ ਜਮਾਂਦਾਰ ਤੇ ਬੇਲਦਾਰ ਨੂੰ ਪ੍ਰਤੀ ਮਹੀਨਾ 18 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਂ, ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਦੀ ਬਿਲਡਿੰਗ ਅੰਦਰ ਕੰਸਟ੍ਰਕਸ਼ਨ ਵੈੱਲਫੇਅਰ ਬੋਰਡ ਦੀ ਰਜਿਸਟ੍ਰੇਸ਼ਨ ਭੱਠਾ ਮਾਲਕਾਂ ਵੱਲੋਂ ਖੁਦ ਕਰਵਾਈ ਜਾਵੇ, ਤਾਂ ਜੋ ਉਨ੍ਹਾਂ ਨੂੰ ਕੰਸਟ੍ਰਕਸ਼ਨ ਵਰਕਰਾਂ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਹੋ ਸਕਣ। ਇਸ ਮੌਕੇ ਗੁਰਨਾਮ ਸਿੰਘ ਤਲਵੰਡੀ ਖੁਮਨ ਸਿੰਘ, ਕਿਰਪਾ ਰਾਮ, ਮਜਾਦਾਰ ਸੁਧੀਰ, ਜਮਾਂਦਾਰ ਅਜੇ, ਜਮਾਂਦਾਰ ਵਿਜੇ, ਜਮਾਂਦਾਰ ਮੂਲਚੰਦ, ਜਮਾਂਦਾਰ ਹੁਕਮ ਚੰਦ, ਜਮਾਂਦਾਰ ਰਾਮ ਪਰਵੇਜ, ਜਮਾਂਦਾਰ ਦੇਵ ਕੁਮਾਰ, ਜਮਾਂਦਾਰ ਧਰਮਪਾਲ, ਜਮਾਂਦਾਰ ਕੋਸਲ, ਕਾਮਰੇਡ ਰਾਜੂ ਕੁਰਾਲੀਆ, ਲਾਲੀ ਫਤਾਹਪੁਰ ਆਦਿ ਆਗੂ ਹਾਜ਼ਰ ਸਨ।