ਵਿਧਵਾ ਦੇ ਘਰੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ
ਵਿਧਵਾ ਔਰਤ ਦੇ ਘਰੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ
Publish Date: Wed, 20 May 2026 07:44 PM (IST)
Updated Date: Thu, 21 May 2026 04:07 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੱਥੋਕੇ ਦੀਆਂ ਬਹਿਕਾਂ ’ਤੇ ਰਹਿੰਦੀ 72 ਸਾਲਾ ਵਿਧਵਾ ਔਰਤ ਦੇ ਘਰੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਚੋਰ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲਾਹ ਕੇ ਲੈ ਗਏ। ਇਸ ਸਬੰਧੀ ਇਕਬਾਲ ਕੌਰ ਪਤਨੀ ਸਵ. ਸਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਪਤੀ ਦੀ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸਨੇ ਆਪਣੀ ਦੇਖ ਭਾਲ ਲਈ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਨੱਥੋਕੇ ਨੂੰ ਆਪਣੇ ਘਰ ਰੱਖਿਆ ਹੋਇਆ ਹੈ, ਜੋ ਉਸਦੇ ਘਰ ਵਿਚ ਹੀ ਰਹਿੰਦੀ ਹੈ। ਲੰਘੀ ਰਾਤ ਉਹ ਖਾਣਾ ਖਾ ਕੇ ਸੌਂ ਗਏ ਅਤੇ ਸਵੇਰੇ ਤੜਕੇ ਕਰੀਬ ਢਾਈ ਵਜੇ ਅਚਨਾਕ ਘਰ ਦੇ ਅੰਦਰ ਖੜਕਾ ਹੋਇਆ, ਜਿਸ ਕਾਰਨ ਉਸਦੀ ਜਾਗ ਖੁੱਲ੍ਹ ਗਈ। ਉਸਨੇ ਪਰਮਜੀਤ ਕੌਰ ਨੂੰ ਉਠਾਇਆ ਅਤੇ ਵੇਖਿਆ ਕਿ ਘਰ ਦੇ ਪਿਛਲੇ ਪਾਸੇ ਲੱਗੀ ਗਰਿੱਲ ਟੁੱਟੀ ਹੋਈ ਸੀ ਅਤੇ ਕਮਰੇ ਦੇ ਦਰਵਾਜੇ ਤੇ ਅਲਮਾਰੀ ਦਾ ਲਾਕ ਵੀ ਟੁੱਟਾ ਪਿਆ ਸੀ। ਜਦੋਂਕਿ ਅਲਮਾਰੀ ਵਿੱਚੋਂ 55 ਹਜਾਰ ਦੀ ਨਕਦੀ ਅਤੇ, ਇਕ ਜੋੜਾ ਸੋਨੇ ਦੇ ਟਾਪਸ ਅਤੇ ਘਰ ਵਿਚ ਲੱਗੇ ਕੈਮਰਿਆਂ ਦਾ ਡੀਵੀਆਰ ਚੋਰੀ ਹੋ ਚੁੱਕਾ ਸੀ। ਮੌਕੇ ’ਤੇ ਪੁੱਜੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਇਕਬਾਲ ਕੌਰ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਚੋਰਾਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।