ਸੀਪੀਆਈਐੱਮਐੱਲ ਲਿਬਰੇਸ਼ਨ ਨੇ ਤਰਨਤਾਰਨ ’ਚ ਕੀਤੀ ਵਿਸ਼ਾਲ ਮੀਟਿੰਗ
ਪਾਰਟੀ ਦੇ ਜ਼ਿਲ੍ਹਾ ਆਗੂ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਨੇ ਪਿਛਲੇ ਸਮੇਂ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਭਵਿੱਖ ਦੇ ਕੰਮ ਉਲੀਕੇ ਗਏ
Publish Date: Sun, 31 May 2026 08:01 PM (IST)
Updated Date: Mon, 01 Jun 2026 04:14 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸੀਪੀਆਈਐੱਮਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਮਜ਼ਦੂਰਾਂ, ਕਿਸਾਨਾਂ ਅਤੇ ਆਮ ਕਿਰਤੀ ਲੋਕਾਂ ਦੀ ਇਕ ਵਿਸ਼ਾਲ ਜ਼ਿਲ੍ਹਾ ਪੱਧਰੀ ਇਕੱਤਰਤਾ ਸਥਾਨਕ ਗਾਂਧੀ ਪਾਰਕ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਤਰਸੇਮ ਸਿੰਘ ਢੋਟੀਆਂ ਨੇ ਕੀਤੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਆਗੂ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਨੇ ਪਿਛਲੇ ਸਮੇਂ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਭਵਿੱਖ ਦੇ ਕੰਮ ਉਲੀਕੇ ਗਏ। ਮੀਟਿੰਗ ਦੌਰਾਨ ਹਾਜ਼ਰ ਸਾਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਦੀ ਦਿਹਾੜੀ ਇਕ ਹਜ਼ਾਰ ਰੁਪਏ ਕੀਤੀ ਜਾਵੇ ਅਤੇ ਸਾਲ ਵਿਚ 360 ਦਿਨ ਕੰਮ ਦਿੱਤਾ ਜਾਵੇ। ਇਸ ਤੋਂ ਇਲਾਵਾ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਵੇਲੇ ਕੀਤੇ ਗਏ ਸਾਰੇ ਵਾਅਦੇ ਅਤੇ ਗਾਰੰਟੀਆਂ ਤੁਰੰਤ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਸੀਪੀਆਈਐੱਮਐੱਲ ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਬਲਬੀਰ ਸਿੰਘ ਝਾਮਕਾ ਨੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ-ਮਾਰੂ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਸਮੁੱਚੀ ਮਿਹਨਤਕਸ਼ ਜਮਾਤ ਨੂੰ ਸੱਦਾ ਦਿੱਤਾ ਕਿ ਉਹ ਮੋਦੀ ਸਰਕਾਰ ਦੀਆਂ ਚਾਲਾਂ ਅਤੇ ਮਜ਼ਦੂਰਾਂ ਦੇ ਹੱਕਾਂ ਤੇ ਹੋ ਰਹੇ ਡਾਕਿਆਂ ਨੂੰ ਪਛਾਣਨ ਲਈ ਅੱਗੇ ਆਉਣ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਹਰਮਨਦੀਪ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਚੋਣ ਮੈਨੀਫੈਸਟੋ ਲਾਗੂ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਨੀਟ ਦੇ ਪੇਪਰ ਵਿਚ ਹੋਈ ਵੱਡੀ ਲੀਕਿੰਗ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇ ਜ਼ਿੰਮੇਵਾਰ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕੀਤਾ ਜਾਵੇ ਅਤੇ ਬਾਕੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇ। ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਜਨਰਲ ਸਕੱਤਰ ਨਰਭਿੰਦਰ ਸਿੰਘ ਪੱਧਰੀ ਨੇ ਚੱਲ ਰਹੇ ਸੰਘਰਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਕਿਰਤੀਆਂ ਦੇ ਅੰਦੋਲਨ ਦਾ ਨਾਂ ਹੀ ਲਿਬਰੇਸ਼ਨ ਹੈ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਯੋਧੇ ਸਾਥੀਆਂ ਦੀ ਸੋਚ ਅਨੁਸਾਰ ਦੇਸ਼ ਵਿਚ ਲਗਾਤਾਰ ਚੇਤਨਾ ਅੱਗੇ ਵਧ ਰਹੀ ਹੈ। ਉਨ੍ਹਾਂ ਅਖੀਰ ਵਿਚ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਮਿਸ਼ਨ ਨੂੰ ਲੈ ਕੇ ਇਕ ਵੱਡੀ ਰਾਮਬੰਦੀ ਨਾਲ ਹੀ ਦੇਸ਼ ਦੇ ਭਵਿੱਖ ਅਤੇ ਲੁਟੇਰੇ ਹਾਕਮਾਂ ਨੂੰ ਸਹੀ ਪਾਸੇ ਮੋੜਿਆ ਜਾ ਸਕਦਾ ਹੈ। ਮੀਟਿੰਗ ਦੇ ਅਖੀਰ ਵਿਚ ਤਰਸੇਮ ਸਿੰਘ ਢੋਟੀਆਂ ਵੱਲੋਂ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।