ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸ ਪਾਰਟੀ ਜ਼ਿਲ੍ਹੇ ’ਚ ਹੋ ਰਹੀ ਮਜ਼ਬੂਤ : ਰਾਜਬੀਰ ਭੁੱਲਰ
2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਜੁਝਾਰੂ ਲੋਕ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰ ਦੇਣਗੇ।
Publish Date: Sun, 03 May 2026 06:44 PM (IST)
Updated Date: Mon, 04 May 2026 04:12 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਯਮਾਂ ’ਤੇ ਜ਼ਿਲ੍ਹਾ ਤਰਨਤਾਰਨ ’ਚ ਸੰਗਠਨ ਸਿਰਜਣ ਅਭਿਆਨ ਤਹਿਤ ਕਾਂਗਰਸ ਪਾਰਟੀ ਦੀ ਲਗਾਤਾਰ ਮਜ਼ਬੂਤੀ ਹੋ ਰਹੀ ਹੈ ਤੇ ਵਰਕਰਾਂ ’ਚ ਵੀ ਨਵਾਂ ਜੋਸ਼ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਾਂਗਰਸੀ ਆਗੂ ਤੇ ਪ੍ਰਗਟ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ-ਕਮ-ਦਫ਼ਤਰ ਇੰਚਾਰਜ ਤੇ ਸੁਖਜੀਤ ਸਿੰਘ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਪੋਕਸਪ੍ਰਸਨ ਬੁਲਾਰਾ ਵਜੋਂ ਨਿਯੁਕਤੀ ਪੱਤਰ ਸੌਂਪਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਪਿਛਲੀ ਕਾਂਗਰਸ ਸਰਕਾਰ ਵੇਲੇ ਦਿੱਤੀਆਂ ਗਈਆਂ ਸੁੱਖ ਸਹੂਲਤਾਂ, ਅਮਨ ਕਾਨੂੰਨ ਦੀ ਵਧੀਆ ਵਿਵਸਥਾ ਤੇ ਹਰੇਕ ਵਰਗ ਨੂੰ ਬੁਨਿਆਦੀ ਸਹੂਲਤਾਂ ਮਿਲਣ ਨੂੰ ਅੱਜ ਵੀ ਯਾਦ ਕਰ ਰਹੇ ਹਨ ਤੇ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਕਦੋਂ ਪੰਜਾਬ ਦੀ ਵਾਗਡੋਰ ਦੁਬਾਰਾ ਕਾਂਗਰਸ ਪਾਰਟੀ ਦੇ ਹੱਥਾਂ ’ਚ ਸੌਂਪੀ ਜਾਵੇ। ਭੁੱਲਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਤੇ ਝੂਠੇ ਸਬਜ਼ਬਾਗ ਵਿਖਾ ਕੇ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਪਤਨ ਦਾ ਸਮਾਂ ਨੇੜੇ ਆ ਚੁੱਕਾ ਹੈ, ਕਿਉਂਕਿ ਜਿਸ ਤਰ੍ਹਾਂ ਦਿੱਲੀ ’ਚ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਸੀ, ਉਸੇ ਤਰ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਜੁਝਾਰੂ ਲੋਕ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਤੇ ਧੋਖੇ ਦਾ ਪੂਰਾ ਹਿਸਾਬ ਦੇਣਾ ਪਵੇਗਾ। ਕਾਂਗਰਸ ਪਾਰਟੀ ਇਕਜੁੱਟ ਹੋ ਕੇ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਿਲ ਕਰੇਗੀ ਤੇ ਪੰਜਾਬ ’ਚ ਕਾਂਗਰਸ ਪਾਰਟੀ ਦੀ ਮਜ਼ਬੂਤ ਸਰਕਾਰ ਬਣੇਗੀ। ਅਖ਼ੀਰ ’ਚ ਨਵ-ਨਿਯੁਕਤ ਸਪੋਕਸਪਰਸਨ ਸੁਖਜੀਤ ਸਿੰਘ ਤੇ ਜ਼ਿਲ੍ਹਾ ਜਨਰਲ ਸਕੱਤਰ ਤੇ ਦਫ਼ਤਰ ਇੰਚਾਰਜ ਪ੍ਰਗਟ ਸਿੰਘ ਨੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਕਾਂਗਰਸ ਕਮੇਟੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ, ਹੀਰਾ ਸਿੰਘ ਮੱਲ੍ਹੀ, ਅੰਗਰੇਜ਼ ਸਿੰਘ ਖੱਬੇ ਏਬੀਟੀਸੀ ਟਰਾਂਸਪੋਰਟ ਵਾਲੇ, ਗੌਰਵ ਸ਼ਰਮਾ, ਡਾ. ਪ੍ਰਦੀਪ ਕੁਮਾਰ ਲਿਟਲ, ਤਜਿੰਦਰ ਸਿੰਘ ਬੁਲੰਦੀ, ਗੁਰਪ੍ਰੀਤ ਸਿੰਘ ਪਾਂਧੀ, ਸਲੀਨ ਦੇਵਗਨ, ਰੋਹਿਤ ਗੱਬਰ, ਚਿਰਾਗ ਦੇਵਗਨ, ਅਤੁਲ ਦੇਵਗਨ, ਸਤਨਾਮ ਸਿੰਘ, ਵਰਿੰਦਰ ਸਿੰਘ, ਦੀਪਕ ਨਰੂਲਾ, ਰਜਿੰਦਰ ਭੰਡਾਰੀ, ਜਸਪਾਲ ਸਿੰਘ ਪਾਲਾ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।