ਪੱਟੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਸਰਗਰਮ
ਸ਼ਹਿਰ ’ਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Publish Date: Wed, 29 Apr 2026 04:47 PM (IST)
Updated Date: Thu, 30 Apr 2026 04:07 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਪੱਟੀ ਸ਼ਹਿਰ ਦੀ ਵਾਰਡ ਨੰਬਰ 18 ਤੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਨਿਸ਼ਾਨ ਸਿੰਘ ਬੁੱਟਰ ਦੇ ਗ੍ਰਹਿ ਵਿਖੇ ਪਹੁੰਚ ਕੇ ਇਲਾਕੇ ਦੇ ਮੌਜੂਦਾ ਹਾਲਾਤਾਂ ਤੇ ਆਉਣ ਵਾਲੀਆਂ ਚੋਣਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਸਥਾਨਕ ਆਗੂ ਤੇ ਵਰਕਰ ਵੀ ਹਾਜ਼ਰ ਰਹੇ। ਮੀਟਿੰਗ ਦੌਰਾਨ ਸਾਬਕਾ ਵਿਧਾਇਕ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਕੇ ਕੰਮ ਕਰਦੀ ਆਈ ਹੈ ਤੇ ਪੱਟੀ ਸ਼ਹਿਰ ਦੇ ਵਿਕਾਸ ਲਈ ਪਾਰਟੀ ਵੱਲੋਂ ਪਹਿਲਾਂ ਵੀ ਕਈ ਵਿਕਾਸ ਕਾਰਜ ਕਰਵਾਏ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਲੋਕ ਮੌਜੂਦਾ ਪ੍ਰਬੰਧ ਤੋਂ ਨਿਰਾਸ਼ ਹਨ ਅਤੇ ਸ਼ਹਿਰ ’ਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਿੱਲ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਮੈਦਾਨ ’ਚ ਉਤਰੇਗੀ ਤੇ ਯੋਗ, ਇਮਾਨਦਾਰ ਤੇ ਲੋਕਾਂ ਦੇ ਦੁੱਖ-ਸੁੱਖ ’ਚ ਖੜ੍ਹਨ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਨਿਸ਼ਾਨ ਸਿੰਘ ਬੁੱਟਰ ਲੰਬੇ ਸਮੇਂ ਤੋਂ ਲੋਕ ਸੇਵਾ ਨਾਲ ਜੁੜੇ ਹੋਏ ਹਨ ਤੇ ਇਲਾਕੇ ’ਚ ਉਨ੍ਹਾਂ ਦੀ ਚੰਗੀ ਪਕੜ ਹੈ। ਉਨ੍ਹਾਂ ਨੂੰ ਪਾਰਟੀ ਵਰਕਰਾਂ ਤੇ ਇਲਾਕਾ ਨਿਵਾਸੀਆਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਕਾਂਗਰਸ ਪਾਰਟੀ ਪੱਟੀ ਸ਼ਹਿਰ ਦੇ ਹਰ ਵਾਰਡ ’ਚ ਲੋਕਾਂ ਦੀ ਆਵਾਜ਼ ਬਣ ਕੇ ਉਭਰੇਗੀ ਤੇ ਆਉਣ ਵਾਲੀਆਂ ਚੋਣਾਂ ’ਚ ਲੋਕ ਵੱਡੇ ਫ਼ਰਕ ਨਾਲ ਕਾਂਗਰਸ ਦੇ ਹੱਕ ’ਚ ਫ਼ੈਸਲਾ ਦੇਣਗੇ। ਵਾਰਡ ਨੰਬਰ 18 ਤੋਂ ਕਾਂਗਰਸ ਦੇ ਸੰਭਾਵਿਤ ਉਮੀਦਵਾਰ ਨਿਸ਼ਾਨ ਸਿੰਘ ਬੁੱਟਰ ਤੇ ਰਾਜਦੀਪ ਸਿੰਘ ਬੁੱਟਰ ਨੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਆਪਣੇ ਗ੍ਰਹਿ ਵਿਖੇ ਪਹੁੰਚਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਤੇ ਸੀਨੀਅਰ ਆਗੂਆਂ ਵੱਲੋਂ ਜੋ ਵਿਸ਼ਵਾਸ ਉਨ੍ਹਾਂ ’ਤੇ ਜਤਾਇਆ ਜਾ ਰਿਹਾ ਹੈ, ਉਹ ਉਸ ’ਤੇ ਖਰਾ ਉਤਰਨ ਲਈ ਪੂਰੀ ਮਿਹਨਤ ਕਰਨਗੇ। ਬੁੱਟਰ ਨੇ ਕਿਹਾ ਕਿ ਵਾਰਡ ਨੰਬਰ 18 ਦੇ ਲੋਕ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ। ਗਲੀਆਂ-ਨਾਲੀਆਂ ਦੀ ਖ਼ਰਾਬ ਹਾਲਤ, ਸਫ਼ਾਈ ਪ੍ਰਬੰਧਾਂ ਦੀ ਕਮੀ ਤੇ ਹੋਰ ਬੁਨਿਆਦੀ ਮੁੱਦੇ ਲੰਬੇ ਸਮੇਂ ਤੋਂ ਲੋਕਾਂ ਲਈ ਪਰੇਸ਼ਾਨੀ ਬਣੇ ਹੋਏ ਹਨ। ਉਨ੍ਹਾਂ ਦਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਤੇ ਵਾਰਡ ਨੂੰ ਵਿਕਾਸ ਪੱਖੋਂ ਇਕ ਨਵੀਂ ਪਹਿਚਾਣ ਦੇਣਾ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਨੌਜਵਾਨਾਂ, ਮਹਿਲਾਵਾਂ ਤੇ ਬਜ਼ੁਰਗਾਂ ਦਾ ਉਨ੍ਹਾਂ ਨੂੰ ਭਰਪੂਰ ਪਿਆਰ ਤੇ ਸਹਿਯੋਗ ਮਿਲ ਰਿਹਾ ਹੈ, ਜਿਸ ਕਰ ਕੇ ਉਹ ਪੂਰੇ ਉਤਸ਼ਾਹ ਨਾਲ ਲੋਕਾਂ ’ਚ ਵਿਚਰ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਹਰਮਿੰਦਰ ਸਿੰਘ ਗਿੱਲ ਵਰਗੇ ਤਜ਼ਰਬੇਕਾਰ ਆਗੂਆਂ ਦੀ ਅਗਵਾਈ ਹੇਠ ਪੱਟੀ ਸ਼ਹਿਰ ’ਚ ਦੁਬਾਰਾ ਵਿਕਾਸ ਦੀ ਲਹਿਰ ਲਿਆਂਦੀ ਜਾਵੇਗੀ। ਇਸ ਮੌਕੇ ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ, ਸੁਖਵਿੰਦਰ ਸਿੰਘ ਸਿੱਧੂ ਸਾਬਕਾ ਚੇਅਰਮੈਨ, ਜਸਮਿੰਦਰ ਸਿੰਘ ਵੋਹਰਾ, ਜੱਸਾ ਪ੍ਰਧਾਨ, ਅਮਨੀਸ਼ ਬੱਤਰਾ, ਰਾਵਿੰਦਰ ਸਿੰਘ ਰਾਮਗੜ੍ਹੀਆ, ਰਾਜ ਕੁਮਾਰ ਰਾਜੂ, ਐਡਵੋਕੇਟ ਜਗਮੀਤ ਭੁੱਲਰ, ਹਰਜਿੰਦਰ ਸਿੰਘ ਬੌਬੀ, ਮਨੀ ਸਰਮਾ ਆਦਿ ਹਾਜ਼ਰ ਸਨ।