ਸੀਜੇਐੱਮ ਕਿਰਨ ਜੋਤੀ ਨੇ ਕੀਤਾ ਸਬ ਜੇਲ੍ਹ ਪੱਟੀ ਦਾ ਅਚਨਚੇਤ ਦੌਰਾ
ਜੇਲ੍ਹ ’ਚ ਹਵਾਲਾਤੀਆਂ ਤੇ ਕੈਦੀਆਂ ਦੀਆਂ ਬੈਰਕਾਂ ’ਚ ਜਾ ਕੇ ਉਨ੍ਹਾਂ ਦੇ ਰਹਿਣ-ਸਹਿਣ ਤੇ ਸਾਫ਼-ਸਫਾਈ ਦੀ ਜਾਂਚ ਕੀਤੀ
Publish Date: Tue, 05 May 2026 06:02 PM (IST)
Updated Date: Wed, 06 May 2026 04:09 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨਤਾਰਨ ਕਿਰਨ ਜੋਤੀ ਵੱਲੋਂ ਮੰਗਲਵਾਰ ਨੂੰ ਸਬ ਜੇਲ੍ਹ ਪੱਟੀ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਸੁਪਰਡੈਂਟ ਸਬ ਜੇਲ੍ਹ ਪੱਟੀ ਇੰਦਰਪ੍ਰੀਤ ਸਿੰਘ ਤੇ ਉੱਥੋਂ ਦਾ ਸਟਾਫ਼ ਮੌਜੂਦ ਸੀ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਸ ਮੌਕੇ ਹਵਾਲਾਤੀਆਂ ਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ ਤੇ ਹੀ ਜੇਲ੍ਹ ਸੁਪਰਡੈਂਟ ਨੂੰ ਉਨ੍ਹਾਂ ਦਾ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਜੇਲ੍ਹ ’ਚ ਹਵਾਲਾਤੀਆਂ ਤੇ ਕੈਦੀਆਂ ਦੀਆਂ ਬੈਰਕਾਂ ’ਚ ਜਾ ਕੇ ਉਨ੍ਹਾਂ ਦੇ ਰਹਿਣ-ਸਹਿਣ ਤੇ ਸਾਫ਼-ਸਫਾਈ ਦੀ ਜਾਂਚ ਕੀਤੀ ਤੇ ਜੇਲ੍ਹ ਦੀ ਮੈੱਸ ਵੀ ਚੈੱਕ ਕੀਤੀ ਤੇ ਉਥੋਂ ਦੀ ਸਫ਼ਾਈ ਦਾ ਵੀ ਨਿਰੀਖਣ ਕੀਤਾ। ਸੀਜੇਐੱਮ ਨੇ ਜੇਲ੍ਹ ਸੁਪਰਡੈਂਟ ਨੂੰ ਆਦੇਸ਼ ਦਿੱਤੇ ਕਿ ਹਵਾਲਾਤੀਆਂ ਅਤੇ ਕੈਦੀਆਂ ਦੀ ਨਿਯਮਿਤ ਮੈਡੀਕਲ ਜਾਂਚ ਹੁੰਦੀ ਰਹੇ। ਉਨ੍ਹਾਂ ਵੱਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਂਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਤੇ ਇਹ ਵੀ ਦੱਸਿਆ ਕਿ ਉਹ ਆਪਣੀ ਅਪੀਲ ਕਦੋਂ ਤੇ ਕਿਸ ਪੀਰੀਅਡ ਦੇ ਦੌਰਾਨ ਲਾ ਸਕਦੇ ਹਨ। ਇਸ ਮੌਕੇ ਉਂਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਵਾਲਾਤੀਆਂ ਤੇ ਕੈਦੀਆਂ ਨੂੰ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਹਵਾਲਾਤੀਆਂ ਤੇ ਕੈਦੀਆਂ ਦੇ ਕਾਨੂੰਨੀ ਸਹਾਇਤਾ ਲੈਣ ਵਾਸਤੇ ਫਾਰਮ ਵੀ ਭਰੇ ਤੇ ਆਪਣੇ ਸਟਾਫ ਨੂੰ ਕਿਹਾ ਕਿ ਇਨ੍ਹਾਂ ਫਾਰਮਾਂ ਦਾ ਸਾਰਾ ਪ੍ਰੋਸੈਸ ਪੂਰਾ ਕਰ ਕੇ ਜਲਦੀ ਤੋਂ ਜਲਦੀ ਕਾਨੂੰਨੀ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਸਮਾਜ ’ਚ ਰਹਿ ਕੇ ਆਮ ਇਨਸਾਨ ਵਾਂਗ ਆਪਣਾ ਜੀਵਨ ਨਿਰਬਾਹ ਕਰਨ ਤੇ ਦੁਬਾਰਾ ਕੋਈ ਵੀ ਗ਼ਲਤ ਕੰਮ ਕਰ ਕੇ ਜੇਲ੍ਹ ’ਚ ਨਾ ਆਉਣ। ਸੀਜੇਐੱਮ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨਤਾਰਨ ਦੇ ਦਫ਼ਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜ਼ਿਲ੍ਹਾ ਕਚਹਿਰੀ, ਤਰਨਤਾਰਨ ਵਿਖੇ ਦਫ਼ਤਰ ਦੇ ਸਮੇਂ ’ਚ ਆ ਕੇ ਮਿਲਿਆ ਜਾ ਸਕਦਾ ਹੈ ਤੇ ਵਧੇਰੇ ਜਾਣਕਾਰੀ ਵਾਸਤੇ ਟੋਲ ਮੁਫ਼ਤ ਨੰਬਰ 15100 ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।