ਸੀਜੇਐੱਮ ਕਿਰਨ ਜੋਤੀ ਨੇ ਕੀਤਾ ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦਾ ਅਚਨਚੇਤ ਦੌਰਾ
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਸ ਮੌਕੇ ਹਵਾਲਾਤੀਆਂ ਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਜੇਲ੍ਹ ਸੁਪਰਡੈਂਟ ਨੂੰ ਉਨ੍ਹਾਂ ਦਾ ਹੱਲ ਕਰਨ ਦੇ ਆਦੇਸ਼ ਦਿੱਤੇ
Publish Date: Wed, 06 May 2026 06:19 PM (IST)
Updated Date: Thu, 07 May 2026 04:08 AM (IST)
ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨਤਾਰਨ ਕਿਰਨ ਜੋਤੀ ਵੱਲੋਂ ਬੁੱਧਵਾਰ ਸੈਂਟਰਲ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਜੇਲ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ, ਡਿਪਟੀ ਸੁਪਰਡੈਂਟ ਜਤਿੰਦਰਪਾਲ ਸਿੰਘ, ਡਿਪਟੀ ਸੁਪਰਡੈਂਟ ਗੁਰਜੰਟ ਸਿੰਘ ਅਤੇ ਜੇਲ੍ਹ ਦਾ ਸਟਾਫ਼ ਮੌਜੂਦ ਸੀ।
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਸ ਮੌਕੇ ਹਵਾਲਾਤੀਆਂ ਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਜੇਲ੍ਹ ਸੁਪਰਡੈਂਟ ਨੂੰ ਉਨ੍ਹਾਂ ਦਾ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਜੇਲ੍ਹ ’ਚ ਹਵਾਲਾਤੀਆਂ ਤੇ ਕੈਦੀਆਂ ਦੀਆਂ ਬੈਰਕਾਂ ’ਚ ਜਾ ਕੇ ਉਨ੍ਹਾਂ ਦੇ ਰਹਿਣ-ਸਹਿਣ ਤੇ ਸਾਫ਼-ਸਫ਼ਾਈ ਦੀ ਜਾਂਚ ਕੀਤੀ ਤੇ ਜੇਲ੍ਹ ਦੀ ਮੈੱਸ ਰਸੋਈ ਵੀ ਚੈੱਕ ਕੀਤੀ ਤੇ ਉਥੋਂ ਦੀ ਸਫ਼ਾਈ ਦਾ ਵੀ ਨਿਰੀਖਣ ਕੀਤਾ। ਸੀਜੇਐੱਮ ਨੇ ਜੇਲ੍ਹ ਸੁਪਰਡੈਂਟ ਨੂੰ ਆਦੇਸ਼ ਦਿੱਤੇ ਕਿ ਹਵਾਲਾਤੀਆਂ ਤੇ ਕੈਦੀਆਂ ਦੀ ਨਿਯਮਿਤ ਮੈਡੀਕਲ ਜਾਂਚ ਹੁੰਦੀ ਰਹੇ। ਉਨ੍ਹਾਂ ਵੱਲੋਂ ਮੌਜੂਦ ਹਵਾਲਾਤੀਆਂ ਤੇ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਤੇ ਇਹ ਵੀ ਦੱਸਿਆ ਕਿ ਉਹ ਆਪਣੀ ਅਪੀਲ ਕਦੋਂ ਤੇ ਕਿਸ ਪੀਰੀਅਡ ਦੌਰਾਨ ਲਾ ਸਕਦੇ ਹਨ। ਇਸ ਮੌਕੇ ਉਂਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਵਾਲਾਤੀਆਂ ਤੇ ਕੈਦੀਆਂ ਨੂੰ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਉਨ੍ਹਾਂ ਨੇ ਹਵਾਲਾਤੀਆਂ ਅਤੇ ਕੈਦੀਆਂ ਦੇ ਕਾਨੂੰਨੀ ਸਹਾਇਤਾ ਲੈਣ ਵਾਸਤੇ ਫਾਰਮ ਵੀ ਭਰੇ ਅਤੇ ਆਪਣੇ ਸਟਾਫ ਨੂੰ ਆਦੇਸ਼ ਦਿੱਤੇ ਕਿ ਇਨ੍ਹਾਂ ਫਾਰਮਾਂ ਦਾ ਸਾਰਾ ਪ੍ਰੋਸੈਸ ਪੂਰਾ ਕਰਕੇ ਜਲਦੀ ਤੋਂ ਜਲਦੀ ਕਾਨੂੰਨੀ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਸਮਾਜ ’ਚ ਰਹਿ ਕੇ ਆਮ ਇਨਸਾਨ ਵਾਂਗ ਆਪਣਾ ਜੀਵਨ ਨਿਰਬਾਹ ਕਰਨ ਤੇ ਦੁਬਾਰਾ ਕੋਈ ਵੀ ਗ਼ਲਤ ਕੰਮ ਕਰ ਕੇ ਜੇਲ੍ਹ ’ਚ ਨਾ ਆਉਣ।
=======
ਵਧੇਰੇ ਜਾਣਕਾਰੀ ਵਾਸਤੇ ਟੋਲ ਫ੍ਰੀ ਨੰਬਰ ਤੋਂ ਲਓ ਜਾਣਕਾਰੀ
ਸੀਜੇਐੱਮ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨਤਾਰਨ ਦੇ ਦਫ਼ਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜ਼ਿਲ੍ਹਾ ਕਚਹਿਰੀ, ਤਰਨਤਾਰਨ ਵਿਖੇ ਦਫ਼ਤਰ ਦੇ ਸਮੇਂ ਵਿਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਵਾਸਤੇ ਟੋਲ ਫ੍ਰੀ ਨੰਬਰ 15100 ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।