ਪ੍ਰਦਰਸ਼ਨ ਕਰ ਕੇ ਸਿਵਲ ਸਰਜਨ ਤੇ ਜ਼ਿਲ੍ਹਾ ਡੀਆਈ ਨੂੰ ਦਿੱਤੇ ਮੰਗ ਪੱਤਰ, ਜ਼ਿਲ੍ਹਾ ਪ੍ਰਧਾਨ ਨੇ ਕਿਹਾ 90 ਫੀਸਦੀ ਸਫਲ ਰਹੀ ਹੈ ਐਸੋਸੀਏਸ਼ਨ ਵੱਲੋਂ ਐਲਾਨੀ ਹੜਤਾਲ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਕੈਮਿਸਟ ਐਸੋਸੀਏਸ਼ਨ ਨੇ ਦੇਸ਼ ਪੱਧਰ ’ਤੇ ਉਲੀਕੇ ਗਏ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਤਰਨਤਾਰਨ ਆਪਣੀਆਂ ਮੰਗਾਂ ਸਬੰਧੀ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਤੇ ਜ਼ਿਲ੍ਹਾ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਕਲਸੀ ਨੂੰ ਮੰਗ ਪੱਤਰ ਵੀ ਸੌਂਪੇ। ਜਿਸ ਵਿਚ ਉਨ੍ਹਾਂ ਨੇ ਆਨਲਾਈਨ ਫਾਰਮਮੇਸੀ ਕਰਕੇ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ। ਆਗੂਆਂ ਨੇ ਦੱਸਿਆ ਕਿ ਸਿਵਲ ਸਰਜਨ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਕੈਮਿਸਟਾਂ ਦੀ ਆਵਾਜ਼ ਸਰਕਾਰ ਤਕ ਜਰੂਰ ਪਹੁੰਚਾਉਣਗੇ। ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਮਲ ਅਗਰਵਾਲ ਨੇ ਦੱਸਿਆ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਆਲ ਇੰਡੀਆ ਆਰਗਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵੱਲੋਂ ਆਨਲਾਈਨ ਦਵਾਈਆਂ ਦੀ ਵਿਕਰੀ, ਜਿਸ ਵਿਚ ਨਕਲੀ ਅਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸ਼ਾਮਿਲ ਹੈ, ਖਿਲਾਫ਼ ਪੂਰੇ ਭਾਰਤ ਵਿਚ 20 ਮਈ ਨੂੰ ਮੈਡੀਕਲ ਸਟੋਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਜ਼ਿਲ੍ਹਾ ਤਰਨਤਾਰਨ ਵਿਚ ਵੀ ਜ਼ਿਲ੍ਹਾ ਕੈਮਿਸਟਾਂ ਨੇ ਆਪਣੇ ਸਟੋਰ ਬੰਦ ਰੱਖੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਨਿਰਧਾਰਿਤ ਸਰਕਾਰੀ ਕਾਨੂੰਨਾਂ ਮੁਤਾਬਿਕ ਦਵਾਈ ਸਿਰਫ਼ ਮੈਡੀਕਲ ਪ੍ਰੈਕਟਿਸ਼ਨਰ ਦੇ ਦੁਆਰਾ ਜਾਂ ਉਸਦੀ ਹਾਜ਼ਰੀ ਵਿਚ ਹੀ ਦਿੱਤੀ ਜਾ ਸਕਦੀ ਹੈ, ਪਰ ਉੱਥੇ ਹੀ ਇਹ ਦਵਾਈਆਂ ਕੋਰੀਅਰ ਦੁਆਰਾ ਆਮ ਲੋਕਾਂ ਦੇ ਘਰਾਂ ਦੇ ਵਿਚ ਪਹੁੰਚਾਈਆਂ ਜਾ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ, ਉੱਥੇ ਹੀ ਬਾਜ਼ਾਰ ਵਿਚ ਜ਼ਮੀਨੀ ਪੱਧਰ ’ਤੇ ਮਿਹਨਤ ਕਰਨ ਵਾਲੇ ਕਾਰੋਬਾਰੀਆਂ ਦੀ ਵੀ ਮੁਸੀਬਤ ਵੱਧ ਰਹੀ ਹੈ। ਆਨਲਾਈਨ ਦਵਾਈਆਂ ਦੀ ਵਿਕਰੀ ਦੇ ਨਾਲ ਦੇਸ਼ ਦਾ ਪੈਸਾ ਵਿਦੇਸ਼ਾਂ ਵਿਚ ਜਾ ਰਿਹਾ ਹੈ ਅਤੇ ਡਰੱਗ ਮਾਫ਼ੀਆ ਦੀ ਵੀ ਆਨਲਾਈਨ ਦਵਾਈਆਂ ਦੇ ਕਾਰੋਬਾਰ ਦੀ ਆੜ੍ਹ ਦੇ ਵਿਚ ਹਾਵੀ ਹੋਣ ਦੀ ਪੂਰੀ ਸੰਭਾਵਨਾ ਹੈ। ਪ੍ਰਧਾਨ ਅਗਰਵਾਲ ਨੇ ਕਿਹਾ ਕਿ ਬੇਸ਼ੱਕ ਕੁਝ ਲੋਕਾਂ ਨੇ ਬੰਦ ਦਾ ਸਮਰਥਨ ਨਹੀਂ ਕੀਤਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਲੱਗੇ ਰਹੇ ਪਰ ਕੈਮਿਸਟ ਐਸੋਸੀਏਸ਼ਨ ਨਾਲ ਜੁੜੇ ਦਵਾਈ ਵਿਕਰੇਤਾਵਾਂ ਨੇ ਆਪਣੇ ਸਟੋਰ ਬੰਦ ਕਰਕੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪੱਟੀ, ਭਿੱਖੀਵਿੰਡ, ਅਮਰਕੋਟ, ਖੇਮਕਰਨ, ਕੈਰੋਂ, ਸ਼ਾਹਬਾਜਪੁਰ, ਚੋਹਲਾ ਸਾਹਿਬ, ਫਤਿਆਬਾਦ, ਪੱਟੀ ਸ਼ਹਿਰ, ਵਲਟੋਹਾ, ਘਰਿਆਲਾ, ਨੌਸ਼ਹਿਰਾ ਪਨੂੰਆਂ, ਦਿਆਲਪੁਰਾ, ਕੱਚਾ ਪੱਕਾ, ਸਭਰਾ, ਪੱਟੀ ਮੋੜ, ਸ਼ੇਰੋਂ, ਗੱਗੋਬੂਹਾ, ਸੁਰਸਿੰਘ ਅਤੇ ਤਰਨਤਾਰਨ ਸ਼ਹਿਰ ਤੋਂ ਇਲਾਵਾ ਹੋਰ ਕਸਬਿਆਂ ਤੇ ਪਿੰਡਾਂ ਵਿਚ 90 ਫੀਸਦੀ ਤੋਂ ਵੱਧ ਹੜਤਾਲ ਕਾਮਯਾਬ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤਰਨਤਰਨ ਦੇ ਸਾਰੇ ਕੈਮਿਸਟਾਂ ਦਾ ਏਕਤਾ ਹੜਤਾਲ ਦੌਰਾਨ ਦਿਖਾਈ ਦਿੱਤਾ ਹੈ, ਜਿਸ ਦੇ ਲਈ ਉਹ ਸਮੁੱਚੇ ਦਵਾਈ ਵਿਕਰੇਤਾਵਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ 95 ਫੀਲਦੀ ਭਰੇ ਭਾਂਡੇ ਵੱਲ ਵੇਖਣਾ ਚਾਹੀਦਾ ਹੈ ਨਾ ਕਿ 5 ਫੀਸਦੀ ਖਾਲੀ ਨੂੰ। ਏਕੇ ਵਿਚ ਬਰਕਤ ਹੈ ਅਤੇ ਕਾਮਯਾਬੀ ਵੀ ਨਸੀਬ ਹੁੰਦੀ ਹੈ। ਇਸ ਲਈ ਇਕਮੁੱਠਤਾ ਜੋ ਪ੍ਰਦਰਸ਼ਨ ਹੜਤਾਲ ਦੌਰਾਨ ਕੀਤਾ ਗਿਆ ਹੈ, ਉਸ ਨੂੰ ਅੱਗੇ ਵੀ ਕਾਮਯਾਬ ਰੱਖਿਆ ਜਾਵੇ। ਬਾਕਸ- ਐਮਰਜੰਸੀ ਮਰੀਜਾਂ ਤੇ ਜਨ ਔਸ਼ਧੀ ਵਾਲੇ ਮਰੀਜਾਂ ਲਈ ਜਾਰੀ ਰਹੀ ਸਹੂਲਤ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਿਮਲ ਅਗਰਵਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਜਨ ਔਸ਼ਧੀ ਵਾਲੇ ਮਰੀਜਾਂ ਦੀ ਆਉਣ ਵਾਲੀ ਪਰਚੀ, ਜੋ ਮੁਫਤ ਵਿਚ ਦਵਾਈ ਦਿੱਤੀ ਜਾਂਦੀ ਹੈ ਦੀ ਸਹੂਲਤ ਤੋਂ ਇਲਾਵਾ ਐਮਰਜੰਸੀ ਹਲਾਤਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਨ ਔਸ਼ਧੀ ਤਹਿਤ ਸਿਵਲ ਹਸਪਤਾਲ ਤੋਂ ਮਰੀਜਾਂ ਨੂੰ ਦਵਾਈ ਮੁਫਤ ਮਿਲਦੀ ਹੈ ਅਤੇ ਉਹ ਹਸਪਤਾਲ ਨੇੜਲੇ ਮੈਡੀਕਲ ਸਟੋਰ ’ਤੇ ਉਪਲੱਬਧ ਹੁੰਦੀ ਹੈ। ਕਿਸੇ ਲੋੜਵੰਦ ਮਰੀਜ ਨੂੰ ਪੈਸੇ ਨਾ ਖਰਚ ਕਰਨੇ ਪੈਣ, ਇਸਦਾ ਵੀ ਧਿਆਨ ਰੱਖਿਆ ਗਿਆ ਹੈ ਤੇ ਬਕਾਇਦਾ ਉਕਤ ਮਰੀਜ ਨੂੰ ਦੁਕਾਨ ਖੋਲ੍ਹ ਕੇ ਦਵਾਈ ਵੀ ਮੁਹੱਈਆ ਕਰਵਾਈ ਗਈ। ਪਰ ਕੈਮਿਸਟਾਂ ਨੇ ਏਕੇ ਦਾ ਇਜ਼ਹਾਰ ਕਰਦਿਆਂ ਕੋਈ ਵੀ ਮੁੱਲ ਦੀ ਦਵਾਈ ਅੱਜ ਨਹੀਂ ਵੇਚੀ। ਬਾਕਸ- ਜ਼ਿਲ੍ਹਾ ਪੱਧਰ ’ਤੇ ਇਨ੍ਹਾਂ ਆਗੂਆਂ ਲਿਆ ਹੜਤਾਲ ਵਿਚ ਹਿੱਸਾ ਇਸ ਮੌਕੇ ਮਨੀਸ਼ ਅਰੋੜਾ ਜ਼ਿਲਾ ਜਰਨਲ ਸਕੱਤਰ, ਨਰਿੰਦਰਪੁਰੀ ਚੇਅਰਮੈਨ, ਸੰਜੇ ਗੁਪਤਾ ਸ਼ਹਿਰੀ ਪ੍ਰਧਾਨ, ਜਤਿੰਦਰਜੀਤ ਸਿੰਘ ਸ਼ਹਿਰੀ ਜਨਰਲ ਸਕੱਤਰ, ਪ੍ਰਿਤਪਾਲ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ, ਸਲਵੰਤ ਸਿੰਘ ਸੰਤ ਸ਼ਹਿਰੀ ਵਾਈਸ ਪ੍ਰਧਾਨ, ਬੀਰੂ ਰਾਮ, ਗੋਪਾਲ ਮੈਣੀ, ਮਨੀਸ਼ ਮਿੱਤਲ, ਗੁਰਵਿੰਦਰ ਸਿੰਘ ਰਾਹੀ ਪ੍ਰਧਾਨ ਪੱਟੀ, ਦਿਨੇਸ਼ ਪਾਠਕ ਜਨਰਲ ਸਕੱਤਰ ਪੱਟੀ, ਗਾਂਧੀ ਕੈਸ਼ੀਅਰ ਪੱਟੀ, ਕਿਰਪਾਲ ਸਿੰਘ ਫਤਿਆਬਾਦ, ਜੇਕੇ ਸ਼ਾਹਾਬਾਜ਼ਪੁਰ, ਅਸ਼ਵਨੀ ਕੁਮਾਰ ਐੱਸਕੇ ਖਜਾਨਚੀ ਤਰਨਤਾਰਨ, ਹਰਵਿੰਦਰ ਸਿੰਘ ਪ੍ਰਿੰਸ ਚੋਹਲਾ ਸਾਹਿਬ, ਅਨੰਦ ਚੋਹਲਾ ਸਾਹਿਬ, ਢਿੱਲੋਂ ਚੋਹਲਾ ਸਾਹਿਬ, ਵਰਿੰਦਰ ਸਿੰਘ ਪ੍ਰਧਾਨ ਭਿੱਖੀਵਿੰਡ, ਰਜਿੰਦਰ ਕੱਕੜ ਜਨਰਲ ਸਕੱਤਰ ਭਿੱਖੀਵਿੰਡ, ਪ੍ਰਿੰਸ ਮਾਧਵ ਪ੍ਰਧਾਨ ਖਾਲੜਾ, ਰਾਜਵੀਰ ਸਿੰਘ ਰਾਜੋਕੇ, ਸ਼ਿੰਦਰਪਾਲ ਸਿੰਘ ਭਿੱਖੀਵਿੰਡ, ਛਿੰਦਰਪਾਲ ਸਿੰਘ ਪ੍ਰਧਾਨ ਵਲਟੋਹਾ, ਸੌਰਵ ਪ੍ਰਧਾਨ ਝਬਾਲ, ਪਰਮਿੰਦਰ ਸਿੰਘ ਪ੍ਰਧਾਨ ਸੁਰਸਿੰਘ, ਅਮਨ ਸਿੰਘ ਸੁਰਸਿੰਘ, ਸੈਮੀ ਢੀਂਗਰਾ ਨੌਸ਼ਹਿਰਾ ਪੰਨੂਆ, ਪੰਨੂ ਨੌਸ਼ਹਿਰਾ ਪੰਨੂਆਂ, ਇੰਦਰਜੀਤ ਬਸਰਾ ਸ਼ਾਹਬਾਜਪੁਰ, ਪਰਮਜੀਤ ਸਿੰਘ ਪ੍ਰਧਾਨ ਜੀਓਬਾਲਾ, ਜਤਿਨ ਅਗਰਵਾਲ, ਜਤਿਨ ਅਗਰਵਾਲ ਅਤੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਮੁੱਖ ਅਹੁਦੇਦਾਰ ਤੇ ਪਿੰਡਾਂ ਤੋਂ ਮੈਡੀਕਲ ਸਟੋਰ ਸੰਚਾਲਕ ਵੀ ਹੜਤਾਲ ਵਿਚ ਸ਼ਾਮਲ ਹੋਏ।