ਦਵਾਈ ਵਿਕਰੇਤਾਵਾਂ ਨੇ ਮੰਗਾਂ ਸਬੰਧੀ ਹੜਤਾਲ ਕਰ ਕੇ ਪ੍ਰਗਟਾਇਆ ਰੋਸ
ਦਵਾਈ ਵਿਕਰੇਤਾਵਾਂ ਨੇ ਮੰਗਾਂ ਸਬੰਧੀ ਹੜਤਾਲ ਕਰਕੇ ਰੋਸ ਪ੍ਰਗਟ ਕੀਤਾ
Publish Date: Wed, 20 May 2026 04:45 PM (IST)
Updated Date: Thu, 21 May 2026 04:01 AM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਦੇਸ਼-ਵਿਆਪੀ ਹੜਤਾਲ ਦੇ ਮੱਦੇਨਜ਼ਰ ਕੈਮਿਸਟ ਐਸੋਸੀਏਸ਼ਨ ਤਰਨਤਾਰਨ ਦੇ ਸੱਦੇ ’ਤੇ ਗੋਇੰਦਵਾਲ ਸਾਹਿਬ ਦੇ ਆਲੇ ਦੁਆਲੇ ਖੇਤਰ ਵਿਚ ਦਵਾਈਆਂ ਦੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਇਸ ਸਬੰਧੀ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਕ੍ਰਿਪਾਲ ਸਿੰਘ ਪਾਲ ਮੈਡੀਕਲ ਸਟੋਰ ਫ਼ਤਿਆਬਾਦ ਨੇ ਦੱਸਿਆ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਇਕ ਦਿਨਾਂ ਹੜਤਾਲ ਦੇ ਸੱਦੇ ’ਤੇ ਗੋਇੰਦਵਾਲ ਸਾਹਿਬ ਖੇਤਰ ਦੇ ਕਸਬਿਆਂ ਜਿਨ੍ਹਾਂ ਵਿਚ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਫਤਿਆਬਾਦ, ਡੇਹਰਾ ਸਾਹਿਬ ਆਦਿ ਵਿਚ ਦਵਾਈ ਵਿਕਰੇਤਾਵਾਂ ਨੇ ਆਪਣੀ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਗਟ ਕੀਤਾ ਤੇ ਹੜਤਾਲ ਨੂੰ ਪੂਰਾ ਸਮਰਥਨ ਦਿੱਤਾ। ਕ੍ਰਿਪਾਲ ਸਿੰਘ ਪਾਲ ਨੇ ਦੱਸਿਆ ਕਿ ਦਵਾਈ ਵਿਕ੍ਰੇਤਾ ਗੈਰ-ਕਾਨੂੰਨੀ ਅਤੇ ਬੇਕਾਬੂ ਆਨਲਾਈਨ ਵਿਕਰੀ ਅਤੇ ਜਨਤਕ ਸਿਹਤ ’ਤੇ ਲੱਖਾਂ ਛੋਟੇ ਕੈਮਿਸਟਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਗੰਭੀਰ ਮੁੱਦਿਆਂ ਦੇ ਵਿਰੋਧ ਵਿਚ ਹੜਤਾਲ ਕਰ ਰਹੇ ਹਨ। ਕੈਮਿਸਟ ਐਸੋਸੀਏਸ਼ਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਕੰਪਨੀਆਂ ਬਿਨ੍ਹਾਂ ਪੁਖਤਾ ਡਾਕਟਰੀ ਪਰਚੀ ਦੇ ਘਰਾਂ ਤਕ ਦਵਾਈਆਂ ਪਹੁੰਚਾ ਰਹੀਆਂ ਹਨ। ਇਸ ਨਾਲ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਡਿਲੀਵਰੀ ਰਾਹੀਂ ਨਕਲੀ ਅਤੇ ਘਟੀਆ ਮਿਆਰ ਦੀਆਂ ਦਵਾਈਆਂ ਦੀ ਆਮਦ ਵਧੀ ਹੈ, ਜੋ ਲੋਕਾਂ ਦੀ ਸਿਹਤ ਲਈ ਖਤਰਾ ਹੈ। ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕੈਮਿਸਟ ਦਵਾਈਆਂ ਦੇ ਲਾਇਸੈਂਸ ਰੀਨਿਊ ਲਈ ਲਿਆਂਦੇ ਗਏ ਨਵੇਂ ਆਨਲਾਈਨ ਪੋਰਟਲ ਵਿਚ ਤਕਨੀਕੀ ਖਰਾਬੀਆਂ ਅਤੇ ਖੱਜਲ-ਖੁਆਰੀ ਖਿਲਾਫ਼ ਵੀ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਬਿਨ੍ਹਾਂ ਡਰੱਗ ਵਿਭਾਗ ਦੇ ਪੁਲਿਸ ਵੱਲੋਂ ਮੈਡੀਕਲ ਸਟੋਰਾਂ ’ਤੇ ਬੇਲੋੜੀ ਦਖਲ ਅੰਦਾਜ਼ੀ ਬੰਦ ਕਰਨਾ, ਸਡਿਊਲ ਐੱਚਵੱਨ ਰਜਿਸਟਰ ਦੇ ਭਾਰ ਨੂੰ ਘਟਾਉਣਾ ਤੇ ਹੋਰ ਕਈ ਮੰਗਾਂ ਦੇ ਹੱਕ ’ਚ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਦਵਾਈ ਵਿਕਰੇਤਾਵਾਂ ਦੀਆਂ ਮੰਗਾਂ ’ਤੇ ਗੋਰ ਨਾ ਕੀਤਾ ਤਾਂ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਜਗਤਾਰ ਸਿੰਘ ਤੁੜ ਮੈਡੀਕਲ, ਕ੍ਰਿਪਾਲ ਸਿੰਘ ਪਾਲ ਮੈਡੀਕਲ, ਰਜਿੰਦਰ ਮਹਾਜਨ, ਗੋਰਵ ਮਹਾਜਨ ਨਿਊ ਰਜਿੰਦਰ ਮੈਡੀਕਲ ਹਾਲ, ਸੁਰਿੰਦਰ ਕੁਮਾਰ ਅਰੋੜਾ ਮੈਡੀਕਲ, ਰਵਿੰਦਰ ਰਵੀ ਗਿਆਨੀ ਮੈਡੀਕਲ ਸਟੋਰ, ਅਰੁਣ ਮੈਡੀਕਲ, ਭੈਲ ਮੈਡੀਕਲ ਸਟੋਰ, ਡਾ. ਚੇਤਨਬੀਰ ਸਿੰਘ ਕੇਅਰ ਪਲੱਸ ਫਾਰਮੈਸੀ, ਸੰਨੀ ਅਰੋੜਾ ਅੰਕਿਤ ਮੈਡੀਕਲ ਸਟੋਰ, ਹਰਪਾਲ ਸਿੰਘ ਐਮੀਆਂ ਮੈਡੀਕਲ ਸਟੋਰ, ਅਮ੍ਰਿਤਪਾਲ ਸਿੰਘ, ਅਮਨਜੀਤ ਸਿੰਘ ਆਦਿ ਨੇ ਬੰਦ ਨੂੰ ਸਮਰਥਨ ਦਿੱਤਾ।