ਚੇਅਰਮੈਨ ਰਣਜੀਤ ਸਿੰਘ ਚੀਮਾ ਨੇ 16ਵੀਂ ਵਾਰ ਕੀਤਾ ਖੂਨਦਾਨ
ਖ਼ੂਨਦਾਨ ਵਰਗਾ ਮਹਾਨ ਕਾਰਜ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਰੂਪ ਹੈ
Publish Date: Sun, 26 Apr 2026 06:47 PM (IST)
Updated Date: Mon, 27 Apr 2026 04:14 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਮਨੁੱਖਤਾ ਦੀ ਸੇਵਾ ਸੁਸਾਇਟੀ ਵੱਲੋਂ ਆਪਣੇ ਅੱਠ ਸਾਲ ਪੂਰੇ ਹੋਣ ਮੌਕੇ ਸਥਾਨਕ ਸਿਵਲ ਹਸਪਤਾਲ ਪੱਟੀ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਹਿੱਸਾ ਲੈਂਦਿਆਂ ਉਤਸ਼ਾਹ ਨਾਲ ਖ਼ੂਨਦਾਨ ਕੀਤਾ। ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਚੀਮਾ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ ਪੰਜਾਬ ਤੇ ਇੰਚਾਰਜ ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਖਡੂਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਨੇ ਆਪਣੀ ਟੀਮ ਸਮੇਤ ਕੈਂਪ ’ਚ ਹਾਜ਼ਰੀ ਭਰੀ ਤੇ ਖੁਦ 16ਵੀਂ ਵਾਰ ਖ਼ੂਨਦਾਨ ਕਰ ਕੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇ।
ਚੇਅਰਮੈਨ ਚੀਮਾ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸੁਸਾਇਟੀ ਵੱਲੋਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖ਼ੂਨਦਾਨ ਵਰਗਾ ਮਹਾਨ ਕਾਰਜ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਰੂਪ ਹੈ ਤੇ ਅੱਜ ਦੇ ਕੈਂਪ ’ਚ ਵੱਡੀ ਗਿਣਤੀ ’ਚ ਨੌਜਵਾਨਾਂ ਦੀ ਭਾਗੀਦਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਸਮਾਜ ’ਚ ਸੇਵਾ ਭਾਵਨਾ ਵਧ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਾਲ 2018 ’ਚ ਸੋਸ਼ਲ ਮੀਡੀਆ ਰਾਹੀਂ ਇਕ ਛੋਟਾ ਜਿਹਾ ਗਰੁੱਪ ਬਣਾ ਕੇ ਐਮਰਜੈਂਸੀ ਕੇਸਾਂ ’ਚ ਲੋੜਵੰਦ ਲੋਕਾਂ ਨੂੰ ਖ਼ੂਨ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਅੱਜ ਇਹ ਮੁਹਿੰਮ ਵੱਡੇ ਪੱਧਰ ’ਤੇ ਫੈਲ ਚੁੱਕੀ ਹੈ ਤੇ ਸੈਂਕੜੇ ਨੌਜਵਾਨ ਇਸ ਨਾਲ ਜੁੜ ਚੁੱਕੇ ਹਨ ਤੇ ਨਿੱਤ ਨਵੇਂ ਮੈਂਬਰ ਵੀ ਸ਼ਾਮਿਲ ਹੋ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ’ਚ ਸੋਸ਼ਲ ਮੀਡੀਆ ਤੇ ਮੋਬਾਈਲ ਫੋਨਾਂ ਰਾਹੀਂ ਐਮਰਜੈਂਸੀ ਮੌਕਿਆਂ ’ਤੇ ਲੋੜਵੰਦਾਂ ਤਕ ਖ਼ੂਨ ਪਹੁੰਚਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਖ਼ੂਨਦਾਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਖ਼ੂਨਦਾਨ ਕਰਨ ਨਾਲ ਸਰੀਰ ’ਤੇ ਕੋਈ ਬੁਰਾ ਅਸਰ ਨਹੀਂ ਪੈਂਦਾ, ਬਲਕਿ ਨਵਾਂ ਖ਼ੂਨ ਜਲਦੀ ਬਣ ਜਾਂਦਾ ਹੈ।
ਚੇਅਰਮੈਨ ਚੀਮਾ ਨੇ ਕਿਹਾ ਖ਼ੂਨਦਾਨ ਕਰਨਾ ਮਹਾਨ ਦਾਨ ਹੈ। ਤੁਹਾਡੇ ਵੱਲੋਂ ਦਿੱਤਾ ਗਿਆ ਖ਼ੂਨ ਕਿਸੇ ਦੀ ਕੀਮਤੀ ਜ਼ਿੰਦਗੀ ਬਚਾਅ ਸਕਦਾ ਹੈ।
ਇਸ ਮੌਕੇ ਮਨੁੱਖਤਾ ਦੀ ਸੇਵਾ ਸੁਸਾਇਟੀ ਪੱਟੀ ਦੇ ਆਗੂ ਸੁਖਬੀਰ ਸਿੰਘ, ਬਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ ਕੇਪੀ ਗਿੱਲ, ਮਨਪ੍ਰੀਤ ਸਿੰਘ, ਵਿਵੇਕ ਸਿੰਘ, ਲਖਵਿੰਦਰ ਸਿੰਘ, ਵਿਕਰਮਜੀਤ ਸਿੰਘ ਅਤੇ ਤਰਸੇਮ ਸਿੰਘ ਚੂਸਲੇਵੜ ਸਮੇਤ ਹੋਰ ਟੀਮ ਮੈਂਬਰਾਂ ਵੱਲੋਂ ਸਾਰੇ ਖ਼ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।