ਲਾਹਣ ਬਰਾਮਦਗੀ ਸਬੰਧੀ ਤਿੰਨ ਲੋਕਾਂ ਵਿਰੁੱਧ ਪਰਚਾ ਦਰਜ, ਇਕ ਗ੍ਰਿਫ਼ਤਾਰ
ਉਕਤ ਬਰਾਮਦਗੀ ਲਈ ਮੌਕੇ ’ਤੇ ਜੇਸੀਬੀ ਮਸ਼ੀਨ ਦੀ ਮਦਦ ਵੀ ਲਈ ਤੇ ਜ਼ਮੀਨ ’ਚੋਂ ਲਾਹਣ ਦੇ ਡਰੰਮ ਬਰਾਮਦ ਕਰ ਲਏ।
Publish Date: Sat, 25 Apr 2026 08:09 PM (IST)
Updated Date: Sun, 26 Apr 2026 04:19 AM (IST)
ਪੰਜਾਬੀ ਜਾਗਰਣ ਟੀਮ, ਤਰਨਤਾਰਨ / ਝਬਾਲ : ਜ਼ਿਲ੍ਹੇ ਦੇ ਪਿੰਡ ਹਰਬੰਸਪੁਰਾ ਕਸੇਲ ਵਿੱਚੋਂ ਆਬਕਾਰੀ ਵਿਭਾਗ ਵੱਲੋਂ ਕੀਤੀ ਗਈ ਵੱਡੀ ਮਾਤਰਾ ’ਚ ਲਾਹਣ ਬਰਾਮਦਗੀ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਤਿੰਨ ਲੋਕਾਂ ਵਿਰੁੱਧ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਦੋਂਕਿ ਤਿੰਨਾਂ ’ਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਆਬਕਾਰੀ ਵਿਭਾਗ ਦੇ ਈਟੀਓ ਇੰਦਰਜੀਤ ਸਿੰਘ ਸਹਿਜਰਾ ਦੀ ਨਿਗਰਾਨੀ ਹੇਠ ਐਕਸਾਈਜ਼ ਇੰਸਪੈਕਟਰ ਕਰਨ ਸ਼ਰਮਾ, ਹਿਤੇਸ਼ ਪ੍ਰਭਾਕਰ, ਰਾਮ ਮੂਰਤੀ ਅਤੇ ਜਗਦੀਪ ਕੌਰ ਨੇ ਆਬਕਾਰੀ ਸਟਾਫ਼ ਸਮੇਤ ਸ਼ੁੱਕਰਵਾਰ ਨੂੰ ਪਿੰਡ ਹਰਬੰਸਪੁਰਾ ਕਸੇਲ ਵਿਖੇ ਛਾਪਾ ਮਾਰਿਆ ਸੀ। ਜਿੱਥੋਂ 23 ਡਰੰਮਾਂ ’ਚ ਪਾ ਕੇ ਰੱਖੀ ਗਈ 4100 ਲੀਟਰ ਲਾਹਣ ਬਰਾਮਦ ਕੀਤੀ ਗਈ। ਆਬਕਾਰੀ ਵਿਭਾਗ ਨੇ ਉਕਤ ਬਰਾਮਦਗੀ ਇਲਾਕੇ ਨਾਲ ਸਬੰਧਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਹਵਾਲੇ ਕਰ ਦਿੱਤੀ। ਜਿਸ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਬਲਜਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ, ਮਲਕੀਤ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਬਹਿਕ ਹਰਬੰਸਪੁਰਾ ਕਸੇਲ ਵਿਰੁੱਧ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਕੇ ਬਲਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਮਾਮਲੇ ਦੀ ਅਗਲੀ ਜਾਂਚ ਏਐੱਸਆਈ ਸੁਖਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਲਾਹਣ ਨਾਲ ਭਰੇ ਡਰੰਮ ਜ਼ਮੀਨ ’ਚ ਦੱਬੇ ਹੋਏ ਸਨ ਤੇ ਪੁਖਤਾ ਸੂਚਨਾ ਦੇ ਆਧਾਰ ’ਤੇ ਪੁੱਜੀ ਆਬਕਾਰੀ ਵਿਭਾਗ ਦੀ ਟੀਮ ਨੇ ਉਕਤ ਬਰਾਮਦਗੀ ਲਈ ਮੌਕੇ ’ਤੇ ਜੇਸੀਬੀ ਮਸ਼ੀਨ ਦੀ ਮਦਦ ਵੀ ਲਈ ਤੇ ਜ਼ਮੀਨ ’ਚੋਂ ਲਾਹਣ ਦੇ ਡਰੰਮ ਬਰਾਮਦ ਕਰ ਲਏ।