ਈ ਰਿਕਸ਼ੇ ਦੀ ਛੱਤ ਉੱਪਰ ਬਿਠਾਉਣ ਵਾਲੇ ਚਾਲਕ ਦੀ ਪਛਾਣ ਲਖਬੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਚੇਲਾ ਕਲੋਨੀ ਵਜੋਂ ਹੋਈ

ਪੰਜਾਬੀ ਜਾਗਰਣ ਟੀਮ, ਤਰਨਤਾਰਨ/ਭਿੱਖੀਵਿੰਡ : ਕਸਬਾ ਭਿੱਖੀਵਿੰਡ ਵਿਖੇ ਵਿਦਆਰਥੀਆਂ ਨੂੰ ਈ-ਰਿਕਸ਼ੇ ਦੀ ਛੱਤ ’ਤੇ ਬਿਠਾ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਸਬੰਧੀ ਪੰਜਾਬੀ ਜਾਗਰਣ ਵੱਲੋਂ ਚੁੱਕੇ ਗਏ ਮਾਮਲੇ ਦਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਮਾਮਲਾ ਟਰੈਫਿਕ ਅਤੇ ਸਥਾਨਕ ਪੁਲਿਸ ਦੇ ਧਿਆਨ ’ਚ ਲਿਆਂਦਾ। ਜਿਸ ਤੋਂ ਬਾਅਦ ਥਾਣਿਆਂ ਭਿੱਖੀਵਿੰਡ ਦੀ ਪੁਲਿਸ ਨੇ ਈ-ਰਿਕਸ਼ਾ ਚਾਲਕ ਦੀ ਪਛਾਣ ਕਰਕੇ ਉਸਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਸਰਹੱਦੀ ਕਸਬਾ ਭਿੱਖੀਵਿੰਡ ਵਿਖੇ ਸਕੂਲੀ ਬੱਚਿਆਂ ਨੂੰ ਲਿਜਾਣ ਮੌਕੇ ਇਕ ਈ ਰਿਕਸ਼ੇ ਦੀ ਛੱਤ ’ਤੇ ਬੱਚੇ ਬਿਠਾਏ ਜਾਣ ਦਾ ਮਾਮਲਾ ਪੰਜਾਬੀ ਜਾਗਰਣ ਦੇ ਧਿਆਨ ਵਿਚ ਆਇਆ ਸੀ। ਜਿਸ ਨੂੰ ‘ਮਾਸੂਮਾਂ ਦੀ ਜਿੰਦਗੀ ਨਾਲ ਹੋ ਰਿਹਾ ਖਿਲਵਾੜ’ ਸਿਰਲੇਖ ਹੇਠ ਵੀਰਵਾਰ ਨੂੰ ਪੰਜਾਬੀ ਜਾਗਰਣ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਤਾਂ ਇਹ ਮਾਮਲਾ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਨੌਨਿਹਾਲਾਂ ਦੀ ਜਾਨ ਨੂੰ ਖਤਰੇ ਵਿਚ ਪਾਉਣ ਦੇ ਉਕਤ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਨੇ ਇਸ ਦਾ ਗੰਭੀਰਤਾ ਨਾਲ ਨੋਟਿਸ ਲਿਆ ਅਤੇ ਬੱਚਿਆਂ ਦੇ ਈ ਰਿਕਸ਼ੇ ਦੀ ਛੱਤ ਉੱਪਰ ਬੈਠਿਆਂ ਦੀ ਵੀਡੀਓ ਉਨ੍ਹਾਂ ਨੇ ਟਰੈਫਿਕ ਇੰਚਾਰਜ ਨੂੰ ਭੇਜੀ। ਜਿਸ ਤੋਂ ਬਾਅਦ ਇਹ ਮਾਮਲਾ ਭਿੱਖੀਵਿੰਡ ਪੁਲਿਸ ਕੋਲ ਵੀ ਪੁੱਜ ਗਿਆ। ਜਿਸ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਫੋਟੋ ਵਿਚ ਦਿਖਾਈ ਦਿੰਦੇ ਈ ਰਿਕਸ਼ਾ ਚਾਲਕ ਦੀ ਪਛਾਣ ਵਾਸਤੇ ਯਤਨ ਸ਼ੁਰੂ ਕਰ ਦਿੱਤੇ। ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਈ ਰਿਕਸ਼ੇ ਦੀ ਛੱਤ ਉੱਪਰ ਬਿਠਾਉਣ ਵਾਲੇ ਚਾਲਕ ਦੀ ਪਛਾਣ ਲਖਬੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਚੇਲਾ ਕਲੋਨੀ ਵਜੋਂ ਹੋਈ ਹੈ। ਜਿਸਦੇ ਖਿਲਾਫ ਸਰਕਾਰੀ ਅਧਿਕਾਰੀਆਂ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਕੇਸ ਵੀ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਪਰਮਜੀਤ ਸਿੰਘ ਨੂੰ ਸੌਂਪੀ ਗਈ ਹੈ।
======
ਟ੍ਰੈਫਿਕ ਤੇ ਪੁਲਿਸ ਨੂੰ ਦੇ ਦਿੱਤੀ ਗਈ ਸੀ ਜਾਣਕਾਰੀ : ਬਾਲ ਸੁਰੱਖਿਆ ਅਫ਼ਸਰ
ਇਸ ਸਬੰਧੀ ਤਰਨਤਾਰਨ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬੀ ਜਾਗਰਣ ਵੱਲੋਂ ਧਿਆਨ ’ਚ ਲਿਆਂਦੇ ਗਏ ਉਕਤ ਮਾਮਲੇ ਸਬੰਧੀ ਉਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਟ੍ਰੈਫਿਕ ਇੰਚਾਰਜ ਨੂੰ ਬਕਾਇਦਾ ਵੀਡੀਓ ਭੇਜ ਕੇ ਇਸ ਘੋਰ ਉਲੰਘਣਾ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਭਿੱਖੀਵਿੰਡ ਥਾਣੇ ’ਚ ਈ ਰਿਕਸ਼ਾ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
====
ਸਮਰੱਥਾ ਤੋਂ ਕਿਤੇ ਵੱਧ ਬਿਠਾਏ ਜਾਂਦੇ ਹਨ ਬੱਚੇ
ਦੱਸਣਾ ਬਣਦਾ ਹੈ ਕਿ ਆਮ ਤੌਰ ’ਤੇ ਈ ਰਿਕਸ਼ਾ ਵਿਚ ਚਾਰ ਤੋਂ ਪੰਜ ਬੱਚਿਆਂ ਦੇ ਬੈਠਣ ਦੀ ਥਾਂ ਹੁੰਦੀ ਹੈ। ਪਰ ਭਿੱਖੀਵਿੰਡ ’ਚ ਵੱਡੀ ਅਣਗਹਿਲੀ ਵਰਤਦਿਆਂ ਈ ਰਿਕਸ਼ਾ ਚਾਲਕ ਕਈ ਵਾਰ 15 ਤੋਂ 20 ਬੱਚਿਆਂ ਨੂੰ ਬਿਠਾ ਲੈਂਦੇ ਹਨ। ਇੱਥੋਂ ਤੱਕ ਕਿ ਕਈ ਬੱਚੇ ਤਾਂ ਵਾਹਨ ਦੇ ਬਾਹਰਲੇ ਹਿੱਸੇ ’ਤੇ ਖ਼ਤਰਨਾਕ ਤਰੀਕੇ ਨਾਲ ਲਟਕਣ ਤੇ ਛੱਤ ’ਤੇ ਬੈਠੇ ਵੀ ਨਜ਼ਰ ਆਉਂਦੇ ਹਨ। ਜੋ ਕਿ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਗੰਭੀਰ ਮਾਮਲਾ ਹੈ। ਦੂਜੇ ਪਾਸੇ ਬੱਚਿਆਂ ਦੇ ਮਾਪਿਆਂ ਦੀ ਮੰਨੀਏ ਤਾਂ ਬੱਚੇ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਪਹੁੰਚਣ ਲਈ ਮਜਬੂਰੀਵਸ ਉਨ੍ਹਾਂ ਨੂੰ ਈ-ਰਿਕਸ਼ਿਆਂ ਦਾ ਸਹਾਰਾ ਲੈਣਾ ਪੈਂਦਾ ਹੈ।