ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਲਈ ਮੁਹਿੰਮ ਦਾ ਆਗਾਜ਼
ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਜਲਦੀ ਤੋਂ ਜਲਦੀ ਕੋਈ ਠੋਸ ਫੈਸਲਾ ਲਿਆ ਜਾਵੇ। ਉਨ੍ਹਾਂ ਨੇ ਦੱਸਿਆ ਕਿ 5100 ਫਾਰਮ ਭਰ ਕੇ ਭੇਜੇ ਗਏ ਹਨ।
Publish Date: Mon, 27 Apr 2026 07:59 PM (IST)
Updated Date: Tue, 28 Apr 2026 04:13 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਗਊ ਮਾਤਾ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਲਈ ਦੇਸ਼-ਪੱਧਰੀ ਚੱਲ ਰਹੀ ਦਸਤਖ਼ਤ ਮੁਹਿੰਮ ਤਹਿਤ ਪੱਟੀ ’ਚ ਸੰਤ ਸਮਾਜ ਤੇ ਸ਼ਹਿਰ ਵਾਸੀਆਂ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮਹਾ ਨਿਰਵਾਣੀ ਪੰਚਾਇਤੀ ਅਖਾੜਾ ਹਰਿਦੁਆਰ ਦੇ ਪ੍ਰਸਿੱਧ ਧਾਰਮਿਕ ਪ੍ਰਚਾਰਕ ਸੁਆਮੀ ਹਰੀ ਨਾਰਾਇਣ ਗਿਰੀ ਦੇ ਨਿਯਮਾਂ ਅਧੀਨ ਤੇ ਗੌਰਵ ਗਿਰੀ ਮਹਾਮੰਡਲੇਸ਼ਵਰ ਦੀ ਅਗਵਾਈ ਹੇਠ ਸੰਤ ਸਮਾਜ ਤੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਐੱਸਡੀਐੱਮ ਦਫਤਰ ਪੱਟੀ ਵਿਖੇ ਪਹੁੰਚੇ। ਇਸ ਦੌਰਾਨ ਇਕੱਠੇ ਕੀਤੇ ਗਏ ਦਸਤਖ਼ਤ ਫਾਰਮ ਰੰਗ-ਬਿਰੰਗੇ ਕੱਪੜਿਆਂ ’ਚ ਲਪੇਟ ਕੇ ਵਿਸ਼ੇਸ਼ ਢੰਗ ਨਾਲ ਐੱਸਡੀਐੱਮ ਪੱਟੀ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਭੇਜੇ ਗਏ। ਸੰਤ ਸਮਾਜ ਵੱਲੋਂ ਕਿਹਾ ਗਿਆ ਕਿ ਗਊ ਮਾਤਾ ਨੂੰ ਭਾਰਤੀ ਸੰਸਕ੍ਰਿਤੀ ’ਚ ਵਿਸ਼ੇਸ਼ ਸਥਾਨ ਪ੍ਰਾਪਤ ਹੈ ਤੇ ਇਸ ਨੂੰ ਰਾਸ਼ਟਰ ਮਾਤਾ ਦਾ ਦਰਜਾ ਦੇਣਾ ਸਮੇਂ ਦੀ ਲੋੜ ਹੈ। ਇਸ ਮੌਕੇ ਮਹੰਤ ਗੌਰਵ ਗਿਰੀ ਨੇ ਕਿਹਾ ਕਿ ਗਊ ਮਾਤਾ ਦੀ ਰੱਖਿਆ ਹਰ ਭਾਰਤੀ ਦੀ ਜ਼ਿੰਮੇਵਾਰੀ ਹੈ, ਪਰ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਕਈ ਹਿੱਸਿਆਂ ’ਚ ਗਊਆਂ ਦੇ ਕਤਲ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜੋ ਚਿੰਤਾਜਨਕ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਜਲਦੀ ਤੋਂ ਜਲਦੀ ਕੋਈ ਠੋਸ ਫੈਸਲਾ ਲਿਆ ਜਾਵੇ। ਉਨ੍ਹਾਂ ਨੇ ਦੱਸਿਆ ਕਿ 5100 ਫਾਰਮ ਭਰ ਕੇ ਭੇਜੇ ਗਏ ਹਨ। ਵਿਜੇ ਕੁਮਾਰ ਸ਼ਰਮਾ ਤਹਿਸੀਲ ਪ੍ਰਭਾਰੀ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਮੰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਸੰਤ ਸਮਾਜ ਦੇਸ਼-ਪੱਧਰ ‘ਤੇ ਸ਼ਾਂਤਮਈ ਧਾਰਮਿਕ ਆੰਦੋਲਨ ਕਰਨ ਲਈ ਮਜਬੂਰ ਹੋਵੇਗਾ। ਇਸ ਅੰਦੋਲਨ ਵਿਚ ਸੰਤ-ਮਹਾਤਮਾ ਤੇ ਸੰਗਤ ਵੱਡੀ ਗਿਣਤੀ ਵਿਚ ਭਾਗ ਲੈਣਗੇ। ਸਮਾਗਮ ’ਚ ਬਾਬਾ ਨਛੱਤਰ ਨਾਥ ਚੇਅਰਮੈਨ ਵਾਲਮੀਕ ਆਸ਼ਰਮ ਅੰਮ੍ਰਿਤਸਰ, ਬੀਬੂ ਸ਼ਰਮਾ ਅੰਮ੍ਰਿਤਸਰ, ਜਤਿੰਦਰ ਪਾਲ ਸਿੰਘ ਰਾਸ਼ਟਰੀ ਸੇਵਕ ਸੰਘ, ਬਾਬਾ ਸੁਰਜੀਤ ਸਿੰਘ ਬਾਹਮਣੀ ਵਾਲਾ, ਵਿਜੇ ਸ਼ਰਮਾ ਚੇਅਰਮੈਨ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ ਪੱਟੀ, ਰਕੇਸ਼ ਪਾਠਕ ਪ੍ਰਧਾਨ, ਚੰਦਰ ਮੋਹਨ ਤੇਜ਼ੀ, ਵਿਸ਼ਾਲ ਸੂਦ, ਭਵਨ ਕੁਮਾਰ ਟਾਹ, ਕੁਲਦੀਪ ਰਾਏ ਸ਼ਰਮਾ, ਅਕਾਸ਼ ਬਿੱਲਾਂ, ਕਾਰਤਿਕ, ਰਵੀ, ਰਿੰਕੂ ਚੰਦਨ, ਲਾਡੀ ਬਰੂਸਲੀ ਅਤੇ ਅਮਨ ਭਾਰਦਵਾਜ ਸਮੇਤ ਹੋਰ ਕਈ ਗਣਮਾਨਯ ਵਿਅਕਤੀ ਮੌਜੂਦ ਸਨ। ਸਮੂਹ ਸੰਤ ਸਮਾਜ ਅਤੇ ਸ਼ਹਿਰ ਵਾਸੀਆਂ ਨੇ ਇਕਸੁਰ ਹੋ ਕੇ ਗਊ ਮਾਤਾ ਦੀ ਰੱਖਿਆ ਲਈ ਆਵਾਜ਼ ਉਠਾਉਂਦਿਆਂ ਸਰਕਾਰ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ।