ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਨੂੰ ਮੈਡਲ ਤੇ ਸਨਮਾਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ

ਕੇਪੀ ਗਿੱਲ•,ਪੰਜਾਬੀ ਜਾਗਰਣ, ਕੈਰੋਂ : ਧੰਨ ਧੰਨ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਤੇ ਮਨੁੱਖਤਾ ਦੀ ਸੇਵਾ ਖ਼ੂਨਦਾਨ ਸੁਸਾਇਟੀ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਗੁਰਦੁਆਰਾ ਦਮਦਮਾ ਸਾਹਿਬ ਨਗਰ ਵੱਡੇ ਸਭਰਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ। ਮਾਨਵਤਾ ਦੀ ਭਲਾਈ ਲਈ ਲਾਏ ਗਏ ਕੈਂਪ ਦੌਰਾਨ ਨੌਜਵਾਨਾਂ ਤੇ ਸੰਗਤਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ 60 ਯੂਨਿਟ ਖੂਨਦਾਨ ਕੀਤਾ। ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਨੂੰ ਮੈਡਲ ਤੇ ਸਨਮਾਨ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਤੇ ਖ਼ੂਨਦਾਨ ਸਭ ਤੋਂ ਉੱਤਮ ਪੁੰਨ ਦਾ ਕੰਮ ਹੈ। ਕਿਸੇ ਲੋੜਵੰਦ ਨੂੰ ਸਮੇਂ ਸਿਰ ਖੂਨ ਮਿਲਣਾ ਉਸ ਦੀ ਜ਼ਿੰਦਗੀ ਬਚਾਉਣ ਦੇ ਬਰਾਬਰ ਹੈ। ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਪਰਮਾਤਮਾ ਨੇ ਸਾਨੂੰ ਮਨੁੱਖੀ ਜੀਵਨ ਬਖ਼ਸ਼ਿਆ ਹੈ ਤੇ ਅਸੀਂ ਇਸ ਜੀਵਨ ਨੂੰ ਲੋਕ ਭਲਾਈ ਦੇ ਕੰਮਾਂ ਲਈ ਵਰਤ ਰਹੇ ਹਾਂ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖ਼ੂਨਦਾਨ ਵਰਗੀਆਂ ਸਮਾਜ ਸੇਵੀ ਗਤੀਵਿਧੀਆਂ ਨਾਲ ਜੁੜਨ।