ਭਾਜਪਾ ਆਗੂ ਜਸਵੰਤ ਸਿੰਘ ਪੱਡਾ ਨੇ ਦਿੱਤੀ ਹਾਈਕਮਾਂਡ ਨੂੰ ਵਧਾਈ
ਤੀਸਰੀ ਵਾਰ ਦੇਸ਼ ਦੀ ਕਮਾਂਡ ਸੰਭਾਲ ਰਹੇ ਨਰਿੰਦਰ ਮੋਦੀ ਨੇ ਭਾਰਤ ਦਾ ਲੋਹਾ ਸਾਰੇ ਵਿਸ਼ਵ ’ਚ ਮਨਵਾਇਆ ਹੈ।
Publish Date: Mon, 04 May 2026 06:16 PM (IST)
Updated Date: Tue, 05 May 2026 04:11 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਤਰਨਤਾਰਨ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਪੱਡਾ ਨੇ ਪੱਛਮੀ ਬੰਗਾਲ ਤੇ ਅਸਾਮ ’ਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ’ਤੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਹੈ, ਉੱਥੇ ਹੀ ਦੋਵਾਂ ਰਾਜਾਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ, ਜਿਨ੍ਹਾਂ ਨੇ ਇਕ ਤਰਫ਼ਾ ਫੈਸਲਾ ਲੈ ਕੇ ਭਾਜਪਾ ਦੇ ਹੱਕ ’ਚ ਵੋਟਾਂ ਦਾ ਹੜ੍ਹ ਲੈ ਆਂਦਾ। ਪੱਡਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਜਿਹੀ ਪਾਰਟੀ ਹੈ, ਜੋ ਦੇਸ਼ ਤੇ ਸੂਬਿਆਂ ਦੀ ਤਰੱਕੀ ਦੇ ਨਾਲ ਹਰ ਵਰਗ ਨੂੰ ਅੱਗੇ ਲਿਜਾਣ ਦੀ ਸੋਚ ਰੱਖਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਰਾਜਾਂ ’ਚ ਭਾਜਪਾ ਦੀ ਸਰਕਾਰ ਚੱਲ ਰਹੀ ਹੈ, ਉੱਥੋਂ ਦੇ ਲੋਕ ਖੁਸ਼ਹਾਲੀ ਵੱਲ ਵਧ ਰਹੇ ਹਨ। ਜੇਕਰ ਦੇਸ਼ ਦੀ ਗੱਲ ਕਰੀਏ ਤਾਂ ਤੀਸਰੀ ਵਾਰ ਦੇਸ਼ ਦੀ ਕਮਾਂਡ ਸੰਭਾਲ ਰਹੇ ਨਰਿੰਦਰ ਮੋਦੀ ਨੇ ਭਾਰਤ ਦਾ ਲੋਹਾ ਸਾਰੇ ਵਿਸ਼ਵ ’ਚ ਮਨਵਾਇਆ ਹੈ। ਮਜ਼ਬੂਤ ਆਰਥਿਕਤਾ, ਦੇਸ਼ ਦੀ ਤਰੱਕੀ ਅਤੇ ਹਰ ਵਰਗ ਨੂੰ ਮਿਲ ਰਹੀਆਂ ਸਹੂਲਤਾਂ ਦਾ ਹੀ ਨਤੀਜਾ ਹੈ ਕਿ ਅੱਜ ਹੋਰਾਂ ਪਾਰਟੀਆਂ ਦੇ ਵੱਡੇ ਆਗੂ ਬਿਨਾ ਕਿਸੇ ਸ਼ਰਤ ’ਤੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਹੋ ਰਹੇ ਹਨ। ਜਿਸ ਨਾਲ ਵਿਰੋਧੀ ਪਾਰਟੀਆਂ ਨੂੰ ਝਟਕੇ ਵੀ ਮਿਲ ਰਹੇ ਹਨ। ਪੱਛਮੀ ਬੰਗਾਲ ਨੂੰ ਜੋ ਲੋਕ ਆਪਣਾ ਗੜ੍ਹ ਮੰਨਦੇ ਸਨ, ਉਨ੍ਹਾਂ ਨੂੰ ਲੋਕਾਂ ਨੇ ਸ਼ੀਸ਼ਾ ਦਿਖਾ ਦਿੱਤਾ ਹੈ ਤੇ ਹੁਣ ਪੰਜਾਬ ਵਾਸੀ ਵੀ ਭਾਰਤੀ ਜਨਤਾ ਪਾਰਟੀ ਦੇ ਹੱਥ ਮਜ਼ਬੂਤ ਕਰਨਗੇ ਤਾਂ ਜੋ ਇੱਥੇ ਵੀ ਉਦਯੋਗ, ਰੁਜ਼ਗਾਰ, ਤਰੱਕੀ ਤੇ ਅਪਰਾਧ ਮੁਕਤ ਵਾਤਾਵਰਨ ਮਿਲ ਸਕੇ।