ਭਾਜਪਾ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਵਚਨਬੱਧ : ਹਰਜੀਤ ਸਿੰਘ ਸੰਧੂ
ਪਾਰਟੀ ’ਚ ਹਰ ਇਕ ਵਰਕਰ ਦੀ ਭੂਮਿਕਾ ਮਹੱਤਵਪੂਰਨ ਹੈ ਤੇ ਕਿਸੇ ਨੂੰ ਵੀ ਅਣਦੇਖਾ ਨਹੀਂ ਕੀਤਾ ਜਾਵੇਗਾ।
Publish Date: Sun, 26 Apr 2026 04:56 PM (IST)
Updated Date: Mon, 27 Apr 2026 04:07 AM (IST)

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਭਾਜਪਾ ਵੱਲੋਂ ਪੱਟੀ ’ਚ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਪੱਟੀ ਸ਼ਹਿਰੀ ਸਰਕਲ ਪ੍ਰਧਾਨ ਡਾ. ਵਿਜੇ ਵਿਨਾਇਕ ਦੀ ਅਗਵਾਈ ਹੇਠ ਹੋਈ, ਜਿਸ ’ਚ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਸਮੇਤ ਵੱਖ-ਵੱਖ ਅਹੁਦੇਦਾਰਾਂ ਤੇ ਵਰਕਰਾਂ ਨੇ ਭਾਗ ਲਿਆ। ਮੀਟਿੰਗ ਦਾ ਮੁੱਖ ਉਦੇਸ਼ ਪੱਟੀ ਦੀਆਂ 19 ਵਾਰਡਾਂ ’ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਪਾਰਟੀ ਦੀ ਰਣਨੀਤੀ ਤੈਅ ਕਰਨਾ ਤੇ ਵਰਕਰਾਂ ਨੂੰ ਚੋਣਾਂ ਲਈ ਤਿਆਰ ਕਰਨਾ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੱਟੀ ਦੀਆਂ ਨਗਰ ਕੌਂਸਲ ਚੋਣਾਂ ਭਾਜਪਾ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਅੱਗੇ ਕਿਹਾ ਕਿ ਜਦੋ ਇਨ੍ਹਾਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਉਹ ਆਪਣੇ ਉਮੀਦਵਾਰ ਖਿਲਾਰਣਗੇ। ਉਨ੍ਹਾਂ ਕਿਹਾ ਕਿ ਹਰ ਇਕ ਵਾਰਡ ’ਚ ਮਜ਼ਬੂਤ ਅਤੇ ਲੋਕਪ੍ਰਿਯ ਉਮੀਦਵਾਰ ਖੜ੍ਹੇ ਕਰ ਕੇ ਭਾਜਪਾ ਆਪਣੀ ਸਥਿਤੀ ਮਜ਼ਬੂਤ ਕਰੇਗੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਤੇ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਲੋਕਾਂ ਤਕ ਪਹੁੰਚਾਉਣ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਪਾਰਟੀ ’ਚ ਹਰ ਇਕ ਵਰਕਰ ਦੀ ਭੂਮਿਕਾ ਮਹੱਤਵਪੂਰਨ ਹੈ ਤੇ ਕਿਸੇ ਨੂੰ ਵੀ ਅਣਦੇਖਾ ਨਹੀਂ ਕੀਤਾ ਜਾਵੇਗਾ। ਹਰ ਵਰਕਰ ਨੂੰ ਉਸ ਦਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ, ਤਾਂ ਜੋ ਉਹ ਪੂਰੇ ਜੋਸ਼ ਨਾਲ ਪਾਰਟੀ ਦੀ ਸੇਵਾ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਕਜੁੱਟਤਾ ਤੇ ਅਨੁਸ਼ਾਸਨ ਨਾਲ ਹੀ ਚੋਣਾਂ ’ਚ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ। ਡਾ. ਵਿਜੇ ਵਿਨਾਇਕ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੱਟੀ ਦੇ ਹਰ ਵਾਰਡ ’ਚ ਪਾਰਟੀ ਦੇ ਆਗੂ ਤੇ ਵਰਕਰ ਸਰਗਰਮ ਹਨ ਤੇ ਲੋਕਾਂ ਨਾਲ ਨਿਰੰਤਰ ਸੰਪਰਕ ’ਚ ਹਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪਾਰਟੀ ਵੱਲੋਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਲੋਕਾਂ ਨੂੰ ਭਾਜਪਾ ਦੀਆਂ ਯੋਜਨਾਵਾਂ ਤੇ ਉਪਲਬਧੀਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਪਾਰਟੀ ਦੀਆਂ ਮੁੱਖ ਨੀਤੀਆਂ ਤੇ ਮੁੱਦਿਆਂ ’ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਭਾਜਪਾ ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਵਚਨਬੱਧ ਹੈ ਤੇ ਇਲਾਕੇ ’ਚ ਫੈਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਕੜੇ ਕਦਮ ਚੁੱਕੇ ਜਾਣਗੇ। ਇਸ ਦੇ ਨਾਲ ਹੀ ਗੈਂਗਸਟਰਵਾਦ ਨੂੰ ਖ਼ਤਮ ਕਰਨ ਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਵੀ ਪਾਰਟੀ ਵੱਲੋਂ ਪੱਕੇ ਇਰਾਦੇ ਦਰਸਾਏ ਗਏ। ਆਗੂਆਂ ਨੇ ਇਹ ਵੀ ਕਿਹਾ ਕਿ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਜਿਵੇਂ ਕਿ ਸੜਕਾਂ ਦੀ ਮੁਰੰਮਤ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸਹੂਲਤ ਤੇ ਨਿਕਾਸੀ ਪ੍ਰਣਾਲੀ ਨੂੰ ਸੁਧਾਰਨ ਲਈ ਭਾਜਪਾ ਵੱਲੋਂ ਖ਼ਾਸ ਧਿਆਨ ਦਿੱਤਾ ਜਾਵੇਗਾ। ਨਗਰ ਕੌਂਸਲ ਚੋਣਾਂ ’ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਇਹ ਮੁੱਦੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਇਸ ਮੌਕੇ ਮਹਾ ਮੰਤਰੀ ਸ਼ਿਵ ਕੁਮਾਰ ਸੋਨੀ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਜਸਕਰਨ ਗਿੱਲ, ਐੱਸਸੀ ਮੋਰਚਾ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬੰਟੀ, ਪੱਟੀ ਸ਼ਹਿਰੀ ਦੇ ਆਗੂ ਹਰਪਾਲ ਸਿੰਘ, ਜਨਰਲ ਸਕੱਤਰ ਜੋਧਵੀਰ ਸ਼ਰਮਾ, ਸ਼ਹਿਰੀ ਸਰਕਲ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਚਰਨਜੀਤ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਨੇ ਵੀ ਪਾਰਟੀ ਦੀਆਂ ਗਤੀਵਿਧੀਆ ’ਤੇ ਚਾਨਣਾ ਪਾਇਆ। ਮੀਟਿੰਗ ਦੇ ਅੰਤ ’ਚ ਸਾਰੇ ਆਗੂਆਂ ਨੇ ਇਕਜੁੱਟ ਹੋ ਕੇ ਪਾਰਟੀ ਦੀ ਜਿੱਤ ਲਈ ਕੰਮ ਕਰਨ ਦਾ ਸੰਕਲਪ ਲਿਆ ਤੇ ਇਹ ਵਿਸ਼ਵਾਸ ਜਤਾਇਆ ਕਿ ਭਾਜਪਾ ਪੱਟੀ ਦੀਆਂ ਨਗਰ ਕੌਂਸਲ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਆਗੂਆਂ ਨੇ ਕਿਹਾ ਕਿ ਵਰਕਰਾਂ ਦੀ ਮਿਹਨਤ ਤੇ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਨਵੇਂ ਇਤਿਹਾਸ ਰਚੇਗੀ ਤੇ ਇਲਾਕੇ ਦੇ ਵਿਕਾਸ ਲਈ ਨਵੇਂ ਦਰਵਾਜ਼ੇ ਖੁੱਲ੍ਹਣਗੇ। ਇਸ ਮੌਕੇ ਸ਼ਮਸ਼ੇਰ ਸਿੰਘ ਜਨਰਲ ਸਕੱਤਰ, ਜੋਧਬੀਰ ਸ਼ਰਮਾ ਜਨਰਲ ਸਕੱਤਰ, ਵਿਜੇ ਸ਼ਰਮਾ ਵਾਈਸ ਪ੍ਰਧਾਨ, ਜਸਵਿੰਦਰ ਸਿੰਘ ਵਾਈਸ ਪ੍ਰਧਾਨ, ਜੱਸਾ ਸਿੰਘ ਕਨਵੀਨਰ ਐੱਸਸੀ ਮੋਰਚਾ, ਨਰਿੰਦਰ ਸਿੰਘ ਕਨਵੀਨਰ, ਅਜੀਤ ਸਿੰਘ ਸਕੱਤਰ, ਸਤਨਾਮ ਸਿੰਘ ਸਕੱਤਰ, ਬਲਦੇਵ ਸਿੰਘ ਐੱਸਸੀ ਮੋਰਚਾ ਵਾਈਸ ਪ੍ਰਧਾਨ, ਰਾਜਿੰਦਰ ਕੁਮਾਰ, ਡਿਪਲ ਕੁਮਾਰ ਕੈਸ਼ੀਅਰ, ਗੁਰਪ੍ਰਤਾਪ ਸਿੰਘ ਕਿਸਾਨ ਮੋਰਚਾ, ਨਵਨੀਤ ਅਰੋੜਾ ਯੂਥ ਵਿੰਗ, ਗੌਰਵ ਧਵਨ ਪ੍ਰਧਾਨ ਯੂਥ ਵਿੰਗ, ਕੁਲਵੰਤ ਸਿੰਘ ਵਿੱਕੀ, ਮਨੋਹਰ ਲਾਲ, ਹਰਬੰਸ ਲਾਲ, ਸੁਖਵਿੰਦਰ ਸਿੰਘ ਸੈਕਟਰੀ, ਮੇਜਰ ਸਿੰਘ, ਰਾਜ ਹਾਂਡਾ, ਗਿਆਨ ਸਿੰਘ ਅਤੇ ਔਰਤਾਂ ਵੀ ਹਾਜ਼ਰ ਸਨ।