ਪੱਛਮੀ ਬੰਗਾਲ ਚੋਣ ਨਤੀਜਿਆਂ ਦੀ ਖੁਸ਼ੀ ’ਚ ਪੱਟੀ ’ਚ ਭਾਜਪਾ ਨੇ ਮਨਾਇਆ ਜਸ਼ਨ
ਪੱਛਮੀ ਬੰਗਾਲ ਦੇ ਲੋਕਾਂ ਨੇ ਭਾਜਪਾ ਨੂੰ ਭਾਰੀ ਸਮੱਰਥਨ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ’ਚ ਮੋਦੀ ਸਰਕਾਰ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ।
Publish Date: Mon, 04 May 2026 06:32 PM (IST)
Updated Date: Tue, 05 May 2026 04:11 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਭਾਜਪਾ ਵਰਕਰਾਂ ਵੱਲੋਂ ਪੱਟੀ ਸ਼ਹਿਰ ਵਿਚ ਭਾਰੀ ਜਸ਼ਨ ਮਨਾਇਆ ਗਿਆ। ਭਾਜਪਾ ਦੇ ਸਰਕਲ ਪ੍ਰਧਾਨ ਡਾ. ਵਿਜੇ ਵਿਨਾਇਕ ਦੀ ਅਗਵਾਈ ਹੇਠ ਗਾਂਧੀ ਸੱਥ ਚੌਕ ’ਚ ਇਕੱਠੇ ਹੋਏ ਭਾਜਪਾ ਆਗੂਆਂ ਤੇ ਵਰਕਰਾਂ ਨੇ ਭਾਜਪਾ ਦੇ ਝੰਡੇ ਲਹਿਰਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਢੋਲ ਦੀ ਧਮਾਲ ’ਤੇ ਭੰਗੜੇ ਪਾਏ ਗਏ ਅਤੇ ਆਤਿਸ਼ਬਾਜ਼ੀ ਕਰ ਕੇ ਜਿੱਤ ਦਾ ਜਸ਼ਨ ਮਨਾਇਆ ਗਿਆ। ਵਰਕਰਾਂ ਵੱਲੋਂ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ। ਜਿਵੇਂ ਹੀ ਪੱਛਮੀ ਬੰਗਾਲ ਦੇ ਚੋਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਏ ਅਤੇ ਭਾਜਪਾ ਦੀ ਜਿੱਤ ਦੀਆਂ ਖ਼ਬਰਾਂ ਆਈਆਂ, ਪੱਟੀ ’ਚ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਸ਼ਾਮ ਸਮੇਂ ਗਾਂਧੀ ਸੱਥ ਚੌਕ ’ਚ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰ ਇਕੱਠੇ ਹੋਏ। ਹੱਥਾਂ ’ਚ ਭਾਜਪਾ ਦੇ ਝੰਡੇ ਅਤੇ ਮੋਦੀ ਸਰਕਾਰ ਦੇ ਹੱਕ ’ਚ ਨਾਅਰੇ ਲਗਾਉਂਦੇ ਹੋਏ ਵਰਕਰਾਂ ਨੇ ਜਿੱਤ ਦਾ ਜਸ਼ਨ ਮਨਾਇਆ। ਢੋਲ ਦੀਆਂ ਧੁਨਾਂ ’ਤੇ ਨੌਜਵਾਨ ਵਰਕਰਾਂ ਨੇ ਭੰਗੜੇ ਪਾਏ ਅਤੇ ਭਾਰਤ ਮਾਤਾ ਕੀ ਜੈ, ‘ਵੰਦੇ ਮਾਤਰਮ’ ਅਤੇ ਮੋਦੀ ਦੇ ਨਾਅਰਿਆਂ ਨਾਲ ਸਾਰਾ ਇਲਾਕਾ ਗੂੰਜ ਉੱਠਿਆ। ਕਈ ਵਰਕਰ ਮੋਦੀ ਅਤੇ ਭਾਜਪਾ ਦੇ ਝੰਡੇ ਲੈ ਕੇ ਜਲੂਸ ਦੇ ਰੂਪ ਵਿਚ ਚੌਕ ਤਕ ਪਹੁੰਚੇ। ਜਿੱਤ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ ਅਤੇ ਆਤਿਸ਼ਬਾਜ਼ੀ ਚਲਾਈ ਗਈ। ਇਸ ਮੌਕੇ ਭਾਜਪਾ ਸਰਕਲ ਪ੍ਰਧਾਨ ਡਾ. ਵਿਜੇ ਵਿਨਾਇਕ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਤੇ ਭਰੋਸਾ ਜਤਾਉਂਦਿਆਂ ਵਿਕਾਸ, ਰਾਸ਼ਟਰਵਾਦ ਅਤੇ ਸੁਸ਼ਾਸਨ ਦੀ ਰਾਜਨੀਤੀ ਨੂੰ ਸਮੱਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਰਾਜ ਦੀ ਜਿੱਤ ਨਹੀਂ, ਸਗੋਂ ਦੇਸ਼ ਦੇ ਲੋਕਾਂ ਵੱਲੋਂ ਮੋਦੀ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ’ਤੇ ਲਗਾਈ ਮੋਹਰ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਜਨਤਾ ਹੁਣ ਜਾਤ-ਪਾਤ ਅਤੇ ਪਰਿਵਾਰਵਾਦ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਚੁੱਕੀ ਹੈ। ਲੋਕ ਹੁਣ ਉਹੀ ਸਰਕਾਰ ਚਾਹੁੰਦੇ ਹਨ ਜੋ ਦੇਸ਼ ਦੇ ਵਿਕਾਸ, ਨੌਜਵਾਨਾਂ ਦੇ ਭਵਿੱਖ, ਮਹਿਲਾਵਾਂ ਦੀ ਸੁਰੱਖਿਆ ਤੇ ਗ਼ਰੀਬ ਲੋਕਾਂ ਦੀ ਭਲਾਈ ਲਈ ਕੰਮ ਕਰੇ। ਪੱਛਮੀ ਬੰਗਾਲ ਦੇ ਲੋਕਾਂ ਨੇ ਭਾਜਪਾ ਨੂੰ ਭਾਰੀ ਸਮੱਰਥਨ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ’ਚ ਮੋਦੀ ਸਰਕਾਰ ਦੀ ਲੋਕਪ੍ਰਿਯਤਾ ਲਗਾਤਾਰ ਵਧ ਰਹੀ ਹੈ। ਇਸ ਮੌਕੇ ਸ਼ਿਵ ਕੁਮਾਰ ਸੋਨੀ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਜਸਕਰਨ ਗਿੱਲ, ਐੱਸਸੀ ਮੋਰਚਾ ਜ਼ਿਲ੍ਹਾ ਪ੍ਰਧਾਨ, ਅਵਤਾਰ ਸਿੰਘ ਬੰਟੀ, ਹਰਪਾਲ ਸਿੰਘ, ਜਨਰਲ ਸਕੱਤਰ ਜੋਧਵੀਰ ਸ਼ਰਮਾ, ਸ਼ਹਿਰੀ ਸਰਕਲ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਚਰਨਜੀਤ ਸਿੰਘ ਖਾਲਸਾ, ਵਿਜੇ ਸ਼ਰਮਾ ਵਾਈਸ ਪ੍ਰਧਾਨ, ਜਸਵਿੰਦਰ ਸਿੰਘ ਵਾਈਸ ਪ੍ਰਧਾਨ, ਜਸਾ ਸਿੰਘ ਕਨਵੀਨਰ ਐੱਸਸੀ ਮੋਰਚਾ, ਨਰਿੰਦਰ ਸਿੰਘ ਕਨਵੀਨਰ, ਅਜੀਤ ਸਿੰਘ ਸਕੱਤਰ, ਸਤਨਾਮ ਸਿੰਘ ਸਕੱਤਰ, ਬਲਦੇਵ ਸਿੰਘ ਐੱਸਸੀ ਮੋਰਚਾ ਵਾਈਸ ਪ੍ਰਧਾਨ, ਰਾਜਿੰਦਰ ਕੁਮਾਰ, ਡਿਪਲ ਕੁਮਾਰ ਕੈਸ਼ੀਅਰ, ਗੁਰਪ੍ਰਤਾਪ ਸਿੰਘ ਕਿਸਾਨ ਮੋਰਚਾ, ਨਵਨੀਤ ਅਰੋੜਾ ਯੂਥ ਵਿੰਗ, ਗੌਰਵ ਧਵਨ ਪ੍ਰਧਾਨ ਯੂਥ ਵਿੰਗ, ਕੁਲਵੰਤ ਸਿੰਘ ਵਿੱਕੀ, ਮਨੋਹਰ ਲਾਲ, ਹਰਬੰਸ ਲਾਲ, ਸੁਖਵਿੰਦਰ ਸਿੰਘ ਸੈਕਟਰੀ, ਮੇਜਰ ਸਿੰਘ, ਰਾਜ ਹਾਂਡਾ ਆਦਿ ਹਾਜ਼ਰ ਸਨ। ==== ਨੌਜਵਾਨਾਂ ’ਚ ਭਾਰੀ ਉਤਸ਼ਾਹ ਜਸ਼ਨ ਦੌਰਾਨ ਨੌਜਵਾਨ ਵਰਕਰਾਂ ’ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਨੌਜਵਾਨ ਮੋਦੀ ਦੇ ਪੋਸਟਰ ਤੇ ਭਾਜਪਾ ਦੇ ਝੰਡੇ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ। ਨੌਜਵਾਨਾਂ ਦਾ ਕਹਿਣਾ ਸੀ ਕਿ ਦੇਸ਼ ਦੇ ਨੌਜਵਾਨ ਹੁਣ ਵਿਕਾਸ ਤੇ ਰੁਜ਼ਗਾਰ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ। ਮੋਦੀ ਸਰਕਾਰ ਨੇ ਨੌਜਵਾਨਾਂ ਲਈ ਸਟਾਰਟਅਪ, ਸਕਿੱਲ ਡਿਵੈਲਪਮੈਂਟ ਤੇ ਡਿਜ਼ੀਟਲ ਇੰਡੀਆ ਵਰਗੀਆਂ ਯੋਜਨਾਵਾਂ ਰਾਹੀਂ ਨਵੇਂ ਮੌਕੇ ਪੈਦਾ ਕੀਤੇ ਹਨ। ਇਸ ਕਾਰਨ ਨੌਜਵਾਨ ਭਾਜਪਾ ਨਾਲ ਵੱਡੀ ਗਿਣਤੀ ’ਚ ਜੁੜ ਰਹੇ ਹਨ। ==== ਭਾਜਪਾ ਨੇ ਬੰਗਾਲ ਜਿੱਤਿਆ, ਹੁਣ ਪੰਜਾਬ ਦੀ ਵਾਰੀ : ਰਾਜਿੰਦਰ ਸੋਨਾ ਭਾਜਪਾ ਯੁਵਾ ਆਗੂ ਰਾਜਿੰਦਰ ਸੋਨਾ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਜਿੱਤ ਨੇ ਪੰਜਾਬ ’ਚ ਵੀ ਭਾਜਪਾ ਵਰਕਰਾਂ ’ਚ ਨਵਾਂ ਜੋਸ਼ ਭਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਵੀ ਬਦਲਾਅ ਚਾਹੁੰਦੀ ਹੈ। ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ ਤੇ ਉਹ ਇਕ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਪੰਜਾਬ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰੇ। ਪੰਜਾਬ ’ਚ ਕਾਨੂੰਨ-ਵਿਵਸਥਾ, ਬੇਰੁਜ਼ਗਾਰੀ, ਨਸ਼ਿਆਂ ਅਤੇ ਵਿਕਾਸ ਦੇ ਮੁੱਦਿਆਂ ’ਤੇ ਲੋਕ ਚਿੰਤਤ ਹਨ। ਭਾਜਪਾ ਪੰਜਾਬ ਵਿਚ ਵਿਕਾਸ ਅਤੇ ਸੁਸ਼ਾਸਨ ਦੇ ਮਾਡਲ ਨਾਲ ਲੋਕਾਂ ਦੇ ਵਿਚਕਾਰ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਬੰਗਾਲ ਜਿੱਤ ਲਿਆ ਹੈ, ਹੁਣ ਪੰਜਾਬ ਦੀ ਵਾਰੀ ਹੈ। ਇਸ ਨਾਅਰੇ ਨਾਲ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।