ਬਿਕਰਮਜੀਤ ਸਿੰਘ ਸੋਹਲ ਨੇ ਕੈਰੋਂ ਟੀਮ ਹੇਠ ਚੋਣ ਲੜਨ ਦਾ ਕੀਤਾ ਐਲਾਨ
ਸ਼ਹਿਰ ਦੀ ਸਿਆਸੀ ਫ਼ਿਜ਼ਾ ਇਕ ਵਾਰ ਫਿਰ ਗਰਮਾ ਗਈ ਹੈ ਤੇ ਵਾਰਡ ਨੰਬਰ 6 ’ਚ ਚੋਣ ਮੁਕਾਬਲਾ ਹੋਰ ਵੀ ਦਿਲਚਸਪ ਬਣਦਾ ਦਿਖਾਈ ਦੇ ਰਿਹਾ ਹੈ।
Publish Date: Sun, 10 May 2026 05:08 PM (IST)
Updated Date: Mon, 11 May 2026 04:03 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਦੀ ਸਿਆਸਤ ’ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਵਾਰਡ ਨੰਬਰ 6 ਤੋਂ ਨੌਜਵਾਨ ਆਗੂ ਬਿਕਰਮਜੀਤ ਸਿੰਘ ਸੋਹਲ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕੈਰੋਂ ਟੀਮ ਦੇ ਝੰਡੇ ਹੇਠ ਚੋਣ ਮੈਦਾਨ ’ਚ ਉਤਰਨ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਬਾਅਦ ਸ਼ਹਿਰ ਦੀ ਸਿਆਸੀ ਫ਼ਿਜ਼ਾ ਇਕ ਵਾਰ ਫਿਰ ਗਰਮਾ ਗਈ ਹੈ ਤੇ ਵਾਰਡ ਨੰਬਰ 6 ’ਚ ਚੋਣ ਮੁਕਾਬਲਾ ਹੋਰ ਵੀ ਦਿਲਚਸਪ ਬਣਦਾ ਦਿਖਾਈ ਦੇ ਰਿਹਾ ਹੈ। ਸੋਹਲ ਤੇ ਉਨ੍ਹਾਂ ਦਾ ਪਰਿਵਾਰ ਪੱਟੀ ਦੀ ਸਿਆਸਤ ’ਚ ਇਕ ਜਾਣਿਆ-ਪਛਾਣਿਆ ਨਾਮ ਮੰਨਿਆ ਜਾਂਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਪਰਿਵਾਰ ਨੇ ਕਾਂਗਰਸ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਗਿੱਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਸੀ। ਉਸ ਸਮੇਂ ਇਹ ਪਰਿਵਾਰ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ‘ਆਪ’ ’ਚ ਸ਼ਾਮਿਲ ਹੋਇਆ ਸੀ ਤੇ ਚੋਣਾਂ ਦੌਰਾਨ ਕਾਫ਼ੀ ਸਰਗਰਮ ਭੂਮਿਕਾ ’ਚ ਵੀ ਨਜ਼ਰ ਆਇਆ ਸੀ। ਸੂਤਰਾਂ ਅਨੁਸਾਰ ਸੋਹਲ ਪਰਿਵਾਰ ਨੂੰ ਆਸ ਸੀ ਕਿ ਪਾਰਟੀ ਵੱਲੋਂ ਵਾਰਡ ਨੰਬਰ 6 ’ਚ ਉਨ੍ਹਾਂ ਨੂੰ ਤਰਜੀਹ ਦਿੱਤੀ ਜਾਵੇਗੀ ਤੇ ਚੋਣ ਮੈਦਾਨ ’ਚ ਉਤਾਰਿਆ ਜਾਵੇਗਾ। ਪਰ ਸਿਆਸੀ ਹਾਲਾਤ ਉਸ ਵੇਲੇ ਬਦਲ ਗਏ ਜਦੋਂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੇਲ੍ਹ ਚਲੇ ਗਏ। ਇਸ ਤੋਂ ਬਾਅਦ ਪੱਟੀ ਦੀ ਸਥਾਨਕ ਸਿਆਸਤ ’ਚ ਨਵੇਂ ਚਿਹਰੇ ਤੇ ਨਵੀਆਂ ਦਾਅਵੇਦਾਰੀਆਂ ਸਾਹਮਣੇ ਆਉਣ ਲੱਗੀਆਂ। ਇਸ ਦੌਰਾਨ ਐਡਵੋਕੇਟ ਰਾਜਨਪ੍ਰੀਤ ਸਿੰਘ ਸੱਗੂ ਨੇ ਵੀ ਵਾਰਡ ਨੰਬਰ 6 ਤੋਂ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਰੱਖ ਦਿੱਤੀ। ਸਿਆਸੀ ਮਾਹਿਰਾਂ ਦੇ ਮੁਤਾਬਿਕ ਇਸ ਨਾਲ ਸੋਹਲ ਪਰਿਵਾਰ ਆਪਣੇ ਆਪ ਨੂੰ ਪਾਰਟੀ ਅੰਦਰ ਅਣਡਿੱਠਾ ਮਹਿਸੂਸ ਕਰਨ ਲੱਗ ਪਿਆ ਸੀ। ਕਾਫ਼ੀ ਸਮੇਂ ਤੋਂ ਇਹ ਪਰਿਵਾਰ ਖੁੱਲ੍ਹ ਕੇ ਕਿਸੇ ਵੀ ਧੜੇ ਦੇ ਹੱਕ ’ਚ ਸਾਹਮਣੇ ਨਹੀਂ ਆ ਰਿਹਾ ਸੀ ਤੇ ਸਿਆਸੀ ਤੌਰ ’ਤੇ ਚੁੱਪੀ ਸਾਧੇ ਬੈਠਾ ਸੀ। ਹੁਣ ਬਿਕਰਮਜੀਤ ਸਿੰਘ ਸੋਹਲ ਵੱਲੋਂ ਕੈਰੋਂ ਪਰਿਵਾਰ ਦੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ ’ਤੇ ਚੋਣ ਲੜਨ ਦਾ ਐਲਾਨ ਕਰਨਾ ਪੱਟੀ ਦੀ ਸਿਆਸਤ ’ਚ ਵੱਡੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤਕ ਉਨ੍ਹਾਂ ਦੇ ਕੈਰੋਂ ਪਰਿਵਾਰ ਜਾਂ ਟੀਮ ’ਚ ਅਧਿਕਾਰਿਕ ਤੌਰ ’ਤੇ ਸ਼ਾਮਿਲ ਹੋਣ ਦੀ ਪੁਸ਼ਟੀ ਨਹੀਂ ਹੋਈ, ਪਰ ਸੋਸ਼ਲ ਮੀਡੀਆ ’ਤੇ ਆਈ ਇਸ ਪੋਸਟ ਨੇ ਸਿਆਸੀ ਗਲਿਆਰਿਆਂ ’ਚ ਚਰਚਾ ਛੇੜ ਦਿੱਤੀ ਹੈ। ======= ਪਾਰਟੀ ਵੱਲੋਂ ਬਣਦਾ ਸਨਮਾਨ ਤੇ ਮੌਕਾ ਨਹੀਂ ਦਿੱਤਾ ਗਿਆ ਇਸ ਮੌਕੇ ਬਿਕਰਮਜੀਤ ਸਿੰਘ ਸੋਹਲ ਤੇ ਇੰਜੀਨੀਅਰ ਗੁਰਦੀਪ ਸਿੰਘ ਸੋਹਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਾਰਡ ਨੰਬਰ 6 ’ਚ ਲੰਬੇ ਸਮੇਂ ਤਕ ਮਿਹਨਤ ਕੀਤੀ ਹੈ ਤੇ ਲੋਕਾਂ ਦੇ ਦੁੱਖ-ਸੁੱਖ ’ਚ ਹਮੇਸ਼ਾ ਖੜ੍ਹੇ ਰਹੇ ਹਨ। ਪਰ ਉਨ੍ਹਾਂ ਨੂੰ ਪਾਰਟੀ ਵੱਲੋਂ ਬਣਦਾ ਸਨਮਾਨ ਤੇ ਮੌਕਾ ਨਹੀਂ ਦਿੱਤਾ ਗਿਆ। ਪਰਿਵਾਰ ਨਾਲ ਜੁੜੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਆਗੂ ਸਰਕਾਰ ਬਣਨ ਤੋਂ ਬਾਅਦ ਪਾਰਟੀ ’ਚ ਸ਼ਾਮਿਲ ਹੋਏ, ਉਨ੍ਹਾਂ ਨੂੰ ਵੱਡੇ ਅਹੁਦੇ ਤੇ ਤਰਜੀਹਾਂ ਦਿੱਤੀਆਂ ਗਈਆਂ, ਜਦਕਿ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਸ਼ਹਿਰ ਦੇ ਸਿਆਸੀ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸੋਹਲ ਪਰਿਵਾਰ ਅਧਿਕਾਰਿਕ ਤੌਰ ’ਤੇ ਕੈਰੋਂ ਟੀਮ ਨਾਲ ਜੁੜਦਾ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਵਾਰਡ ਨੰਬਰ 6 ਦੀ ਚੋਣ ’ਤੇ ਪੈ ਸਕਦਾ ਹੈ। ਇਸ ਨਾਲ ਨਾ ਸਿਰਫ਼ ‘ਆਪ’ ਦੀਆਂ ਅੰਦਰੂਨੀ ਸਿਆਸੀ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ, ਸਗੋਂ ਹੋਰ ਧੜਿਆਂ ਦੀ ਰਣਨੀਤੀ ਵੀ ਬਦਲ ਸਕਦੀ ਹੈ।