ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਨੂੰ ਬੁੱਧਵਾਰ ਦੇਰ ਸ਼ਾਮ ਬੁਲਟ ਸਵਾਰ ਤਿੰਨ ਅਣਰਛਾਤਿਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਬੱਲੂ ਮਹਿਤਾ•ਪੰਜਾਬੀ ਜਾਗਰਣ, ਪੱਟੀ : ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਨੂੰ ਬੁੱਧਵਾਰ ਦੇਰ ਸ਼ਾਮ ਬੁਲਟ ਸਵਾਰ ਤਿੰਨ ਅਣਰਛਾਤਿਆਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਉਸ ਉੱਪਰ ਉਸ ਵੇਲੇ ਹਮਲਾ ਹੋਇਆ ਜਦੋਂ ਉਹ ਪਿੰਡ ਝੁੱਗੀਆਂ ਪੀਰ ਬਖ਼ਸ਼ ਨੇੜੇ ਬੰਨ੍ਹ ’ਤੇ ਮਿੱਟੀ ਪਾ ਕੇ ਟਰੈਕਟਰ ’ਤੇ ਵਾਪਸ ਪਰ ਰਿਹਾ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਗੋਲ਼ੀਬਾਰੀ ਕਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਸਾਬਕਾ ਸਰਪੰਚ ਗੁਰਮੇਲ ਸਿੰਘ ਦੇ ਲੜਕੇ ਮਨਜੀਤ ਸਿਘ ਨੇ ਦੱਸਿਆ ਬੰਨ੍ਹ ’ਤੇ ਪਾਣੀ ਦਾ ਵਹਾਅ ਵਧਿਆ ਹੋਣ ਕਾਰਨ ਉਨ੍ਹਾਂ ਦੇ ਪਿਤਾ ਤਿੰਨ ਹਫਤਿਆਂ ਤੋਂ ਬੰਨ੍ਹ ’ਤੇ ਸੇਵਾ ਕਰ ਰਹੇ ਸੀ। ਬੁੱਧਵਾਰ ਦੇਰ ਰਾਤ ਨੂੰ ਜਦੋਂ ਉਹ ਸੇਵਾ ਕਰਕੇ ਆਪਣੇ ਪਿੰਡ ਤੂਤ ਆ ਰਹੇ ਸਨ ਤਾਂ ਪਿੰਡ ਝੁੱਗੀਆਂ ਪੀਰ ਬਖ਼ਸ਼ ਨੇੜੇ 8 ਵਜੇ ਦੇ ਕਰੀਬ ਤੂਤ ਪਿੰਡ ਵੱਲੋਂ ਬੁਲਟ ਮੋਟਰਸਾਈਕਲ ਸਵਾਰ ਤਿੰਨ ਜਣੇ ਆਏ, ਜਿਨ੍ਹਾਂ ਉਸਦੇ ਪਿਤਾ ਉੱਪਰ ਗੋਲ਼ੀਬਾਰੀ ਕਰ ਦਿੱਤੀ ਅਤੇ ਫ਼ਰਾਰ ਹੋ ਗਏ। ਪਿੱਛੇ ਆ ਰਹੇ ਲੋਕਾਂ ਨੇ ਉਸਦੇ ਪਿਤਾ ਨੂੰ ਤੁਰੰਤ ਪੱਟੀ ਦੇ ਨਿੱਜੀ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਸੂਤਰਾਂ ਦੀ ਮੰਨੀਏ ਤਾਂ ਸਾਬਕਾ ਸਰਪੰਚ ਗੁਰਮੇਲ ਸਿੰਘ ਦੇ ਛੇ ਗੋਲ਼ੀਆਂ ਲੱਗੀਆਂ ਹਨ। ਹਾਲਾਂਕਿ ਇਸ ਬਾਰੇ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਦੂਜੇ ਪਾਸੇ ਪੱਟੀ ਸਬ ਡਵੀਜਨ ਦੇ ਡੀਐੱਸਪੀ ਲਵਕੇਸ਼ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਰਖਵਾ ਦਿੱਤਾ ਗਿਆ ਹੈ। ਜਦੋਂਕਿ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਜਿਸ ਮੁਤਾਬਿਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੇ ਸ਼ਰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਲਬੀਰ ਸਿੰਘ ਸੇਖੋਂ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ, ਹਰਮਨ ਸੇਖੋਂ ਸਕੱਤਰ ਯੂਥ ਕਾਂਗਰਸ, ਸੋਭਾ ਸਿੰਘ, ਸੁਰਜੀਤ ਸਿੰਘ, ਗੁਰਵੇਲ ਸਿੰਘ ਲੁਹਾਰੀਆ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਵੀ ਹਸਪਤਾਲ ਪੁੱਜ ਗਏ। ਜਿਨ੍ਹਾਂ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਪੱਟੀ ਦੇ ਸਾਬਕਾ ਵਿਧਾਇਕ ਨੇ ਵੀ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।