ਨਗਰ ਪੰਚਾਇਤ ਭਿੱਖੀਵਿੰਡ ਦੀਆਂ 12 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸਵੇਰ ਤੋਂ ਹੀ ਚੱਲ ਰਿਹਾ ਹੈ ਅਤੇ ਹੁਣ ਤਕ ਦੋ ਵਾਰਡਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ ਅਕਾਲੀ ਦਲ ਤੇ ਆਜ਼ਾਦ ਉਮੀਦਵਾਰ ਜੇਤੂ ਹੋਏ ਹਨ।

ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਬਿਨਾ ਮੁਕਾਬਲਾ ਜੇਤੂ ਐਲਾਨੇ ਗਏ।
ਵਾਰਡ ਨੰਬਰ 3 ਤੋਂ ਜਸਬੀਰ ਕੌਰ ਪਤਨੀ ਹਰਚੰਦ ਸਿੰਘ
ਵਾਰਡ ਨੰਬਰ 5 ਤੋਂ ਸਵਿੰਦਰ ਕੌਰ ਰੱਬ
ਵਾਰਡ ਨੰਬਰ 6 ਤੋਂ ਸਰਬਜੀਤ ਸਿੰਘ
ਵਾਰਡ ਨੰਬਰ 8 ਤੋਂ ਹਰਪਾਲ ਸਿੰਘ
ਵਾਰਡ ਨੰਬਰ 10 ਤੋਂ ਵਿਨੈ ਮਲਹੋਤਰਾ
ਵਾਰਡ ਨੰਬਰ 12 ਤੋਂ ਕੋਮਲਪ੍ਰੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਚਿੰਨ੍ਹ ’ਤੇ ਜਿੱਤ ਦਰਜ ਕੀਤੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ
ਵਾਰਡ ਨੰਬਰ 1 ਤੋਂ ਮਨਜੀਤ ਸਿੰਘ ਬੋਰਾਂ ਵਾਲਾ
ਵਾਰਡ ਨੰਬਰ 7 ਤੋਂ ਕਿਰਨਦੀਪ ਕੌਰ ਪਤਨੀ ਕੁਲਰਾਜ ਸਿੰਘ
ਵਾਰਡ ਨੰਬਰ 9 ਤੋਂ ਸਰਬਜੀਤ ਕੌਰ ਪਤਨੀ ਅਮਰਜੀਤ ਸਿੰਘ ਢਿੱਲੋਂ ਜੇਤੂ ਰਹੇ
ਕਾਂਗਰਸ ਪਾਰਟੀ ਵੱਲੋਂ
ਵਾਰਡ ਨੰਬਰ 11 ਤੋਂ ਸ਼ਿਖਾ ਕੱਕੜ
ਵਾਰਡ ਨੰਬਰ 13 ਤੋਂ ਕ੍ਰਿਸ਼ਨਪਾਲ ਜੱਜ ਦੀ ਜਿੱਤ ਨਾਲ ਦੋ ਸੀਟਾਂ ਮਿਲੀਆਂ
ਇਸ ਤੋਂ ਇਲਾਵਾ ਵਾਰਡ ਨੰਬਰ 4 ਤੋਂ ਬਖ਼ਸ਼ੀਸ਼ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ।
ਵਿਧਾਇਕ ਸਵਰਣ ਸਿੰਘ ਧੁੰਨ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਦਿੱਤੀ ਵਧਾਈ
ਚੋਣ ਨਤੀਜਿਆਂ ਤੋਂ ਬਾਅਦ ਖੇਮਕਰਨ ਹਲਕੇ ਦੇ ਵਿਧਾਇਕ ਸਵਰਣ ਸਿੰਘ ਧੁੰਨ ਨੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਪਾਰਦਰਸ਼ੀ ਪ੍ਰਸ਼ਾਸਨ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਨਵ-ਚੁਣੇ ਮੈਂਬਰਾਂ ਨੂੰ ਵਾਰਡਾਂ ਵਿੱਚ ਨਿਛਠਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਪਾਰਟੀ ਦੇ ਜੇਤੂ ਉਮੀਦਵਾਰਾਂ ਦੀ ਸ਼ਲਾਘਾ ਕੀਤੀ
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਪਾਰਟੀ ਦੇ ਜੇਤੂ ਉਮੀਦਵਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਲੋਕਾਂ ਨੇ ਅਕਾਲੀ ਦਲ ਪ੍ਰਤੀ ਆਪਣਾ ਭਰੋਸਾ ਅਤੇ ਉਤਸ਼ਾਹ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਦੀਆਂ ਸਮੱਸਿਆਵਾਂ ਲਈ ਹਮੇਸ਼ਾ ਸੰਘਰਸ਼ ਕਰਦੀ ਰਹੇਗੀ। ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਵੀ ਕਾਂਗਰਸ ਦੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤੀ ਨਾਲ ਲੋਕਾਂ ਦੇ ਵਿਚਕਾਰ ਕੰਮ ਕਰੇਗੀ। ਚੋਣ ਨਤੀਜਿਆਂ ਨਾਲ ਭਿੱਖੀਵਿੰਡ ਦੀ ਸਿਆਸਤ ਵਿੱਚ ਨਵਾਂ ਸਮੀਕਰਨ ਸਾਹਮਣੇ ਆਇਆ ਹੈ ਅਤੇ ਹੁਣ ਲੋਕਾਂ ਦੀਆਂ ਉਮੀਦਾਂ ਨਵ-ਚੁਣੇ ਨੁਮਾਇੰਦਿਆਂ ਨਾਲ ਜੁੜ ਗਈਆਂ ਹਨ।
ਪੱਟੀ ’ਚ ਅੱਠ ਵਾਰਡਾਂ ਦੇ ਨਤੀਜਿਆਂ ’ਚ ਕੈਰੋਂ ਧੜੇ ਦੀ ਝੰਡੀ
ਪੱਟੀ ਨਗਰ ਕੌਂਸਲ ਦੀਆਂ ਪਹਿਲੀਆਂ ਅੱਠ ਵਾਰਡਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਧੜਾ ਬਾਜੀ ਮਾਰਨ ਵਿਚ ਸਫਲ ਹੋਇਆ ਹੈ। ਅੱਠਾਂ ਵਿੱਚੋਂ ਕੈਰੋਂ ਧੜੇ ਦੇ ਚਾਰ ਉਮੀਦਵਾਰਾਂ ਨੇ ਜਿੱਤ ਦਰਜ ਕਰਵਾਈ ਹੈ। ਜਦੋਂਕਿ ਤਿੰਨ ’ਤੇ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਇਕ ’ਤੇ ਕਾਂਗਰਸੀ ਉਮੀਦਵਾਰ ਜੇਤੂ ਹੋਇਆ ਹੈ।
ਦੱਸ ਦਈਏ ਕਿ ਪੱਟੀ ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਚਿੰਨ ’ਤੇ ਕਿਸੇ ਨੇ ਚੋਣ ਨਹੀਂ ਸੀ ਲੜੀ। ਹਾਲਾਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਧੜੇ ਦੇ ਅਕਾਲੀ ਆਗੂਆਂ ਨੇ ਇਨ੍ਹਾਂ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਹਿੱਸਾ ਲਿਆ ਅਤੇ ਪਹਿਲੀਆਂ ਅੱਠ ਵਾਰਡਾਂ ਦੇ ਨਤੀਜਿਆਂ ਦੌਰਾਨ ਚਾਰ ਵਾਰਡਾਂ ਵਿਚ ਸ਼ਾਨਦਾਰ ਜਿੱਤ ਦਰਜ ਕਰਵਾਈ ਹੈ।