ਬੀਕੇਯੂ ਕਾਦੀਆਂ ਅੱਜ ਦੇਵੇਗੀ ਸਹਿਕਾਰੀ ਬੈਂਕ ਤਰਨਤਾਰਨ ਅੱਗੇ ਧਰਨਾ : ਗੁਰਸਾਬ ਸਿੰਘ ਡੱਲ
ਪੰਜਾਬ ਸਰਕਾਰ ਨੇ ਜੇਕਰ ਵਧੀ ਹੋਈ ਹੱਦ ਕਰਜ਼ਾ ਲਿਮਟ ਨੂੰ ਮੁੜ ਬਹਾਲ ਨਾ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ।
Publish Date: Sun, 10 May 2026 04:36 PM (IST)
Updated Date: Mon, 11 May 2026 04:03 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਦੇ ਨਵੇਂ ਵਧੇ ਹੱਦ ਕਰਜ਼ਿਆਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਵਾਪਸ ਲੈਣ ਦੇ ਫ਼ੈਸਲੇ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਖ਼ਤ ਵਿਰੋਧ ਜਤਾਉਂਦਿਆਂ ਸਰਕਾਰ ਦੀ ਇਸ ਕਾਰਵਾਈ ਨੂੰ ਕਿਸਾਨਾਂ ਦੇ ਹੱਕਾਂ ’ਤੇ ਸਿੱਧਾ ਡਾਕਾ ਕਰਾਰ ਦਿੱਤਾ ਹੈ। ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਨੇ ਇਸ ਸਬੰਧੀ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਵਾਪਿਸ ਲੈਣਾ ਕਿਸਾਨਾਂ ਤੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਦੇ ਅਧਿਕਾਰਾਂ ਨੂੰ ਕੁਚਲਣ ਦੇ ਬਰਾਬਰ ਹੈ। ਸਾਡੀ ਜਥੇਬੰਦੀ ਇਸ ਔਖੀ ਘੜੀ ’ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਇਸ ਵਿਸ਼ੇ ਦੇ ਸਬੰਧ ’ਚ ਅੱਜ ਤਰਨਤਾਰਨ ਵਿਖੇ ਸਹਿਕਾਰੀ ਸਭਾਵਾਂ ਦੇ ਜ਼ਿਲ੍ਹਾ ਮੈਨੇਜਰ ਦੇ ਦਫ਼ਤਰ ਅੱਗੇ ਧਰਨਾ ਲਾਇਆ ਜਾਵੇਗਾ। ਜਥੇਬੰਦੀ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਧਰਨੇ ਦਿੱਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਮਹਿੰਗਾਈ ਤੇ ਵੱਧ ਰਹੇ ਖੇਤੀ ਖ਼ਰਚਿਆਂ ਨੂੰ ਦੇਖਦੇ ਹੋਏ ਕਿਸਾਨਾਂ ਦੇ ਹੱਦ ਕਰਜ਼ਿਆਂ ਦੀ ਲਿਮਟ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਸਰਕਾਰ ਨੇ ਜੇਕਰ ਵਧੀ ਹੋਈ ਹੱਦ ਕਰਜ਼ਾ ਲਿਮਟ ਨੂੰ ਮੁੜ ਬਹਾਲ ਨਾ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ==== ਇਨ੍ਹਾਂ ਆਗੂਆਂ ਨੇ ਵੀ ਜਤਾਇਆ ਸਰਕਾਰ ਦੇ ਫ਼ੈਸਲੇ ’ਤੇ ਵਿਰੋਧ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਗਰੇਵਾਲ, ਸਰਪੰਚ ਗੁਰਵਿੰਦਰ ਸਿੰਘ ਦਾਉਦਪੁਰ, ਬਲਾਕ ਤਰਨਤਾਰਨ ਦੇ ਪ੍ਰਧਾਨ ਤੇਜਿੰਦਰ ਸਿੰਘ ਰਟੌਲ, ਪ੍ਰਧਾਨ ਗੁਰਬਚਨ ਸਿੰਘ ਫੈਲੋਕੇ, ਪ੍ਰਧਾਨ ਸਰਪੰਚ ਹੀਰਾ ਸਿੰਘ ਵਰ੍ਹਿਆਂਹ, ਪ੍ਰਧਾਨ ਅੰਮ੍ਰਿਤਪਾਲ ਸਿੰਘ ਬਾਠ, ਪ੍ਰਧਾਨ ਦਿਲਬਾਗ ਸਿੰਘ ਕਾਹਨਾ, ਇੰਦਰਜੀਤ ਸਿੰਘ ਸਾਂਧਰਾ, ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾਂ, ਜਸਬੀਰ ਸਿੰਘ ਰਾਜੋਕੇ, ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ, ਪ੍ਰਧਾਨ ਹਰਪਾਲ ਸਿੰਘ ਭਗਵਾਨਪੁਰਾ ਆਦਿ ਨੇ ਵੀ ਸਰਕਾਰ ਦੇ ਫ਼ੈਸਲੇ ’ਤੇ ਵਿਰੋਧ ਜਤਾਇਆ।