ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਲੰਗਰ ਹਾਲ ਤੇ ਦੀਵਾਨ ਹਾਲ ਦਾ ਰੱਖਿਆ ਨੀਂਹ ਪੱਥਰ
ਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਹਰ ਸਾਲ 8 ਸਾਵਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
Publish Date: Sat, 25 Apr 2026 03:50 PM (IST)
Updated Date: Sun, 26 Apr 2026 04:01 AM (IST)

ਕਾਰਜ ਸਿੰਘ ਬਿੱਟੂ•,ਪੰਜਾਬੀ ਜਾਗਰਣ, ਸੁਰਸਿੰਘ : ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁਖੀ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਵੱਲੋਂ ਜਿੱਥੇ ਦੇਸ਼-ਵਿਦੇਸ਼ ’ਚ ਕਾਰ ਸੇਵਾ ਦੇ ਕਾਰਜ ਆਰੰਭੇ ਹੋਏ ਹਨ, ਉੱਥੇ ਹੀ ਅੱਜ ਗੁਰਦੁਆਰਾ ਸ਼ਿਮਲਾ ਸਾਹਿਬ ਜੋ ਸੁਰ ਸਿੰਘ ਤੋਂ ਧੁੰਨ ਨਾਰਲੀ ਰੋਡ ’ਤੇ ਸਥਿਤ ਹੈ, ਉੱਥੇ ਅੱਜ ਦੀਵਾਨ ਹਾਲ ਤੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਸਾਹਿਬ ਜੀ ਦੇ ਚਰਨਾਂ ’ਚ ਅਰਦਾਸ ਬੇਨਤੀ ਕੀਤੀ ਗਈ। ਇਸ ਅਸਥਾਨ ’ਤੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੀ ਮਰਿਆਦਾ ਅਨੁਸਾਰ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਹਰ ਸਾਲ 8 ਸਾਵਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸਤਿ ਗੁਰਾਂ ਦੀ ਰਹਿਮਤ ਸਦਕਾ ਇਸ ਦਿਨ ਮੀਂਹ ਅਤੇ ਠੰਢੀਆਂ ਹਵਾਵਾਂ ਚੱਲਦੀਆਂ ਹਨ। ਜਿਸ ਕਰ ਕੇ ਸੱਚਖੰਡ ਵਾਸੀ ਮਹਾਪੁਰਖ ਸੰਤ ਬਾਬਾ ਸੋਹਨ ਸਿੰਘ ਜੀ ਹੁਰਾਂ ਨੇ ਇਸ ਸਥਾਨ ਨੂੰ ਸ਼ਿਮਲਾ ਦਾ ਖਿਤਾਬ ਦਿੱਤਾ ਹੋਇਆ ਹੈ। ਇਸ ਲਈ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਦੀਵਾਨ ਹਾਲ ਤੇ ਲੰਗਰ ਹਾਲ ਦੇ ਕਾਰਜ ਸ਼ੁਰੂ ਕੀਤੇ ਗਏ ਹਨ। ਇਸ ਮੌਕੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸੇਵਾ ਕਾਰਜ ’ਚ ਤਨੋਂ ਮਨੋਂ ਤੇ ਮੋਢੇ ਨਾਲ ਮੋਢਾ ਜੋੜ ਕੇ ਸੇਵਾ ’ਚ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਜਾਣ। ਇਸ ਮੌਕੇ ਸਰਪੰਚ ਰਾਜਬੀਰ ਸਿੰਘ ਢਿੱਲੋਂ, ਸੁਖਦੇਵ ਸਿੰਘ ਢਿੱਲੋਂ ਸੁਰ ਸਿੰਘ, ਸਰਪੰਚ ਦਿਲਬਾਗ ਸਿੰਘ ਢਿੱਲੋਂ, ਸਰਪੰਚ ਕਿਰਪਾਲ ਸਿੰਘ ਲਾਡਾ, ਮੈਂਬਰ ਬਲਾਕ ਸੰਮਤੀ ਭਿੱਖੀਵਿੰਡ ਰਾਣਾ ਰਣਬੀਰ ਸਿੰਘ, ਮੈਂਬਰ ਬਲਾਕ ਸੰਮਤੀ ਭਿੱਖੀਵਿੰਡ ਗੁਰਮੀਤ ਸਿੰਘ, ਹਰਜੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਨੰਬਰਦਾਰ ਗੁਰਜੀਤ ਸਿੰਘ ਧੁੰਨ, ਕੈਪਟਨ ਮੁਖਤਾਰ ਸਿੰਘ, ਬਾਬਾ ਗੋਰਾ ਸਿੰਘ ਸੇਵਾਦਾਰ ਸ਼ਿਮਲਾ ਸਾਹਿਬ, ਸੁਖਵਿੰਦਰ ਸਿੰਘ, ਬੇਅੰਤ ਸਿੰਘ, ਸਰਵਨ ਸਿੰਘ, ਨਿਰਵੈਲ ਸਿੰਘ, ਗੁਰਭੇਜ ਸਿੰਘ, ਨਰਿੰਦਰ ਸਿੰਘ ਕਾਲੀਆ, ਸੁਖਦੇਵ ਸਿੰਘ ਫ਼ੌਜੀ, ਕਾਲਾ ਸਿੰਘ, ਗੁਰਮੇਜ਼ ਸਿੰਘ ਸਾਬਕਾ ਮੈਂਬਰ ਪੰਚਾਇਤ ਰੱਖ ਕੋਟਲੀ, ਸੁਖਦੇਵ ਸਿੰਘ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।