ਤਰਨਤਾਰਨ ਸ਼ਹਿਰ ਦੇ 9500 ਪਰਿਵਾਰਾਂ ਨੂੰ ਮਿਲੇਗਾ ‘ਮੇਰੀ ਰਸੋਈ’ ਯੋਜਨਾ ਦਾ ਲਾਭ : ਵਿਧਾਇਕ ਸੰਧੂ
ਤਰਨਤਾਰਨ ਸ਼ਹਿਰ ਦੇ 9500 ਪਰਿਵਾਰਾਂ ਨੂੰ ਮਿਲੇਗਾ ‘ਮੇਰੀ ਰਸੋਈ’ ਯੋਜਨਾ ਦਾ ਲਾਭ- ਵਿਧਾਇਕ ਸੰਧੂ
Publish Date: Fri, 22 May 2026 08:06 PM (IST)
Updated Date: Sat, 23 May 2026 04:13 AM (IST)

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਦੀ ਲੋਕ ਭਲਾਈ ਯੋਜਨਾ ‘ਮੇਰੀ ਰਸੋਈ’ ਦਾ ਤਰਨਤਾਰਨ ਵਿਚ ਰਸਮੀ ਆਰੰਭ ਕਰਦਿਆਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਵਾਰਡ ਨੰਬਰ 18 ਅਤੇ 19 ਦੇ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਉਨ੍ਹਾਂ ਦੱਸਿਆ ਕਿ ਇਸ ਸ਼ਹਿਰ ਦੇ 9500 ਦੇ ਕਰੀਬ ਪਰਿਵਾਰ ਇਸ ਯੋਜਨਾ ਦਾ ਲਾਭ ਲੈਣਗੇ ਅਤੇ ਪਾਰਦਰਸ਼ੀ ਢੰਗ ਨਾਲ ਕਣਕ ਹਾਸਲ ਕਰਨ ਵਾਲੇ ਹਰ ਪਰਿਵਾਰ ਨੂੰ ਇਸ ਯੋਜਨਾ ਨਾਲ ਜੋੜਿਆ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ, ਪਾਰਟੀ ਵਰਕਰ ਅਤੇ ਸਮਾਜ ਸੇਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਮੇਰੀ ਰਸੋਈ ਯੋਜਨਾ ਵੀ ਉਸੇ ਸੋਚ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸੂਬੇ ਦੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਪੌਸ਼ਟਿਕ ਖੁਰਾਕ ਮੁਹੱਈਆ ਕਰਵਾਉਣਾ ਅਤੇ ਮਹਿੰਗਾਈ ਦੇ ਦੌਰ ਵਿਚ ਰਸੋਈ ਦਾ ਬੋਝ ਘਟਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪੰਜਾਬ ਦੇ ਲੱਗਭੱਗ 40 ਲੱਖ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਸੰਧੂ ਨੇ ਦੱਸਿਆ ਕਿ ਕਿੱਟ ਵਿਚ ਲਾਭਪਾਤਰੀਆਂ ਨੂੰ ਹਰ 2 ਕਿੱਲੋ ਦਾਲ, 2 ਕਿੱਲੋ ਖੰਡ, 1 ਲੀਟਰ ਸਰ੍ਹੋਂ ਦਾ ਤੇਲ, 1 ਕਿੱਲੋ ਨਮਕ ਅਤੇ 200 ਗ੍ਰਾਮ ਹਲਦੀ ਸ਼ਾਮਲ ਹੈ। ਇਹ ਸਾਮਾਨ ਪਹਿਲਾਂ ਤੋਂ ਮਿਲਣ ਵਾਲੀ ਮੁਫ਼ਤ ਕਣਕ ਤੋਂ ਇਲਾਵਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਲੋਕ-ਹਿਤੈਸ਼ੀ ਸਕੀਮਾਂ ਲਾਗੂ ਕਰ ਰਹੀ ਹੈ, ਜਿਨ੍ਹਾਂ ਦਾ ਲਾਭ ਸਿੱਧੇ ਤੌਰ ’ਤੇ ਲੋਕਾਂ ਤਕ ਪਹੁੰਚ ਰਿਹਾ ਹੈ। ਵਿਧਾਇਕ ਸੰਧੂ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਹੈ ਅਤੇ ਉਹ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਲੋਕ ਭਲਾਈ ਦੇ ਖੇਤਰਾਂ ਵਿਚ ਸਰਕਾਰ ਵੱਲੋਂ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੀਆਂ ਹੋਰ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲੋਕ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਰਾਸ਼ਨ ਕਿੱਟਾਂ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਹਰਮੀਤ ਸਿੰਘ ਸੰਧੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤਰਨਤਾਰਨ ਸ਼ਹਿਰ ਦੀਆਂ 25 ਵਾਰਡਾਂ ਦੇ 9500 ਦੇ ਕਰੀਬ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਅਤੇ ਮਹਿੰਗਾਈ ਦੇ ਦੌਰ ਵਿਚ ਇਹ ਮਦਦ ਉਨ੍ਹਾਂ ਲਈ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ। ਇਸ ਮੌਕੇ ਕੌਂਸਲਰ ਯਾਦਵਿੰਦਰ ਸਿੰਘ ਯਾਦੂ ਅਤੇ ਕੌਂਸਲਰ ਨਰਿੰਦਰ ਸਿੰਘ ਨਾਗੀ ਨੇ ਵਿਧਾਇਕ ਹਰਮੀਤ ਸਿੰਘ ਸੰਧੂ ਦਾ ਜਿਥੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਥੇ ਹੀ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਮਨਪ੍ਰੀਤ ਸਿੰਘ, ਗਗਨਦੀਪ ਸਿੰਘ ਤੋਂ ਇਲਾਵਾ ਡਿਪੂ ਹੋਲਡਲ ਜਸਵਿੰਦਰ ਸਿੰਘ, ਕਵਲਜੀਤ ਸਿੰਘ ਸੁੱਗਾ ਜਿਥੇ ਮੌਜੂਦ ਸਨ। ਉਥੇ ਹੀ ਸੁਖਦੇਵ ਸਿੰਘ ਸੂਦ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।