- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Social Media 'ਤੇ ਵਾਇਰਲ ਇਨ੍ਹਾਂ ਰਿਕਾਰਡਿੰਗਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਵਾਜ਼ ਮ੍ਰਿਤਕ ਵਿਦਿਆਰਥਣ ਦੀ ਹੈ। ਹਾਲਾਂਕਿ, ਪਰਿਵਾਰ ਜਾਂ ਪੁਲਿਸ ਨੇ ਅਜੇ ਤਕ ਇਨ੍ਹਾਂ ਰਿਕਾਰਡਿੰਗਾਂ ਦੀ ਪੁਸ਼ਟੀ ਨਹੀਂ ਕੀਤੀ ਹੈ।

ਜਾਗਰਣ ਸੰਵਾਦਦਾਤਾ, ਤਰਨਤਾਰਨ : ਤਰਨਤਾਰਨ ਦੇ ਨਿੱਜੀ ਲਾਅ ਕਾਲਜ 'ਚ ਵਿਦਿਆਰਥਣ ਸੰਦੀਪ ਕੌਰ ਦੀ ਗੋਲੀ ਮਾਰ ਕੇ ਹੱਤਿਆ ਅਤੇ ਮੁਲਜ਼ਮ ਵਿਦਿਆਰਥੀ ਪ੍ਰਿੰਸਰਾਜ ਸਿੰਘ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ 'ਚ ਹੁਣ ਤਿੰਨ ਕਥਿਤ ਆਡੀਓ ਰਿਕਾਰਡਿੰਗ ਵਾਇਰਲ ਹੋਣ ਨਾਲ ਜਾਂਚ ਨਵੇਂ ਮੋੜ 'ਤੇ ਪਹੁੰਚ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਨ੍ਹਾਂ ਰਿਕਾਰਡਿੰਗਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਆਵਾਜ਼ ਮ੍ਰਿਤਕ ਵਿਦਿਆਰਥਣ ਦੀ ਹੈ। ਹਾਲਾਂਕਿ, ਪਰਿਵਾਰ ਜਾਂ ਪੁਲਿਸ ਨੇ ਅਜੇ ਤਕ ਇਨ੍ਹਾਂ ਰਿਕਾਰਡਿੰਗਾਂ ਦੀ ਪੁਸ਼ਟੀ ਨਹੀਂ ਕੀਤੀ ਹੈ।
ਵਾਇਰਲ ਆਡੀਓ 'ਚ ਇੱਕ ਨਵਾਂ ਨਾਂ ਰਾਜਵਿੰਦਰ ਵੀ ਸਾਹਮਣੇ ਆਇਆ ਹੈ। ਪਹਿਲੀ ਰਿਕਾਰਡਿੰਗ 'ਚ ਕਥਿਤ ਤੌਰ 'ਤੇ ਲੜਕੀ ਇਹ ਕਹਿੰਦੀ ਸੁਣਾਈ ਦੇ ਰਹੀ ਹੈ ਕਿ "ਛੋਟੀਆਂ-ਮੋਟੀਆਂ ਧਮਕੀਆਂ ਤੋਂ ਡਰਦੇ ਨਹੀਂ... ਰਾਜਵਿੰਦਰ ਧਮਕੀ ਦਿਵਾ ਰਿਹਾ ਹੈ ਤਾਂ ਦਿਵਾ ਲਵੇ।" ਉਹ ਇਹ ਵੀ ਕਹਿੰਦੀ ਹੈ ਕਿ ਉਹ ਲਿਮਟ 'ਚ ਰਹਿੰਦੀ ਹੈ ਕਿਉਂਕਿ ਸਭ ਦੀ ਨਜ਼ਰ ਉਸ 'ਤੇ ਹੁੰਦੀ ਹੈ ਅਤੇ ਪ੍ਰਿੰਸ ਦੇ ਨੇੜੇ ਰਹਿਣ ਦੀ ਗੱਲ ਲੋਕਾਂ ਨੂੰ ਚੁੱਭਦੀ ਹੈ। ਦੂਜੀ ਰਿਕਾਰਡਿੰਗ 'ਚ ਇਹ ਗੱਲਬਾਤ ਸਾਹਮਣੇ ਆਈ ਹੈ ਕਿ ਕਾਲਜ 'ਚ ਇਹ ਦਿਖਾਉਣਾ ਹੈ ਕਿ ਦੋਵਾਂ ਦਾ ਰਿਸ਼ਤਾ ਖ਼ਤਮ ਹੋ ਚੁੱਕਾ ਹੈ। ਤੀਜੀ ਰਿਕਾਰਡਿੰਗ 'ਚ ਸਭ ਤੋਂ ਵਿਵਾਦਤ ਮੰਨੀ ਜਾ ਰਹੀ ਹੈ, ਜਿਸ ਵਿੱਚ ਕਥਿਤ ਤੌਰ 'ਤੇ ਲੜਕੀ ਭੁੱਕੀ ਅਤੇ ਅਫ਼ੀਮ ਘਰੋਂ ਲਿਆ ਕੇ ਦੇਣ ਦੀ ਗੱਲ ਕਹਿ ਰਹੀ ਹੈ। ਇਸੇ ਆਧਾਰ 'ਤੇ ਪੁਲਿਸ ਨੇ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ।
ਪ੍ਰਿੰਸ ਦੀ ਮਾਂ ਹਰਜੀਤ ਕੌਰ ਦਾ ਕਹਿਣਾ ਹੈ ਕਿ ਲੜਕੀ ਨੇ ਪਹਿਲਾਂ ਸੰਪਰਕ ਕੀਤਾ ਸੀ ਤੇ ਇੰਸਟਾਗ੍ਰਾਮ 'ਤੇ ਮੈਸੇਜ ਭੇਜੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪੁੱਤਰ 'ਤੇ ਮਾਨਸਿਕ ਦਬਾਅ ਪਾਇਆ ਗਿਆ। ਦੂਜੇ ਪਾਸੇ, ਸੰਦੀਪ ਦੀ ਮਾਂ ਹਰਜਿੰਦਰ ਕੌਰ ਨੇ ਦੋਸ਼ ਲਾਇਆ ਕਿ ਪ੍ਰਿੰਸ ਉਨ੍ਹਾਂ ਦੀ ਧੀ ਨੂੰ ਧਮਕਾਉਂਦਾ ਸੀ ਅਤੇ ਪ੍ਰਪੋਜ਼ਲ ਠੁਕਰਾਉਣ ਕਾਰਨ ਗੁੱਸੇ 'ਚ ਆ ਕੇ ਉਸ ਨੇ ਇਹ ਕਦਮ ਚੁੱਕਿਆ। ਪੁਲਿਸ ਅਨੁਸਾਰ ਰਿਕਾਰਡਿੰਗਾਂ ਦੀ ਸੱਚਾਈ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਕੋਈ ਸਿੱਟਾ ਕੱਢਿਆ ਜਾਵੇਗਾ।
ਇਹ ਘਟਨਾ 9 ਫਰਵਰੀ ਦੀ ਸਵੇਰ ਕਰੀਬ 9:30 ਵਜੇ ਵਾਪਰੀ ਸੀ। ਮੁਲਜ਼ਮ ਵਿਦਿਆਰਥੀ ਪ੍ਰਿੰਸਰਾਜ ਸਿੰਘ ਨੀਲੇ ਰੰਗ ਦੇ ਬੈਗ 'ਚ ਪਿਸਤੌਲ ਛੁਪਾ ਕੇ ਕਾਲਜ ਪਹੁੰਚਿਆ। ਉਸ ਨੇ ਗੱਲਬਾਤ ਦੇ ਬਹਾਨੇ ਸੰਦੀਪ ਕੌਰ ਨੂੰ ਕਲਾਸਰੂਮ ਦੇ ਪਿੱਛੇ ਬੁਲਾਇਆ।
ਕੁਝ ਸਕਿੰਟਾਂ ਦੀ ਗੱਲਬਾਤ ਤੋਂ ਬਾਅਦ ਪ੍ਰਿੰਸ ਨੇ ਬੈਗ 'ਚੋਂ ਪਿਸਤੌਲ ਕੱਢੀ ਅਤੇ ਸੰਦੀਪ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਤੁਰੰਤ ਬਾਅਦ ਪ੍ਰਿੰਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਦਿਨਾਂ ਬਾਅਦ ਉਸ ਦੀ ਵੀ ਮੌਤ ਹੋ ਗਈ।