ਫਾਇਰ ਸੇਫਟੀ ਹਫ਼ਤੇ ਦੇ ਚਲਦਿਆਂ ਸੀਐੱਚਸੀ ਝਬਾਲ’ਚ ਕਰਵਾਏ ਪੋਸਟਰ ਮੇਕਿੰਗ ਤੇ ਕੁਇਜ਼ ਮੁਕਾਬਲੇ
ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ, ਵਿਦਿਆਰਥੀਆਂ ਤੇ ਸਿਹਤ ਕਰਮਚਾਰੀਆਂ ’ਚ ਫਾਇਰ ਸੇਫਟੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।
Publish Date: Mon, 11 May 2026 07:39 PM (IST)
Updated Date: Tue, 12 May 2026 04:12 AM (IST)

ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਫਾਇਰ ਸੇਫਟੀ ਹਫ਼ਤੇ ਦੇ ਚਲਦਿਆਂ ਕਮਿਊਨਿਟੀ ਹੈਲਥ ਸੈਂਟਰ ਝਬਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਰਾਜੂ ਚੌਹਾਨ ਦੀ ਯੋਗ ਅਗਵਾਈ ਹੇਠ ਪੋਸਟਰ ਮੇਕਿੰਗ ਤੇ ਕੁਇੱਜ਼ ਮੁਕਾਬਲੇ ਕਰਵਾਏ ਗਏ। ਜਿਸ ’ਚ ਹਸਪਤਾਲ ਦੇ ਸਟਾਫ ਤੇ ਅੰਮ੍ਰਿਤਸਰ ਕਾਲਜ ਆਫ ਨਰਸਿੰਗ ਦੇ ਟ੍ਰੇਨਿੰਗ ਅਧੀਨ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ, ਵਿਦਿਆਰਥੀਆਂ ਤੇ ਸਿਹਤ ਕਰਮਚਾਰੀਆਂ ’ਚ ਫਾਇਰ ਸੇਫਟੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਡਾ. ਰਾਜੂ ਚੌਹਾਨ ਨੇ ਕਿਹਾ ਗਿਆ ਕਿ ਅੱਗ ਲੱਗਣ ਵਾਲੀਆਂ ਘਟਨਾਵਾਂ ਅਕਸਰ ਲਾਪਰਵਾਹੀ ਕਾਰਨ ਵਾਪਰਦੀਆਂ ਹਨ ਤੇ ਜੇਕਰ ਸਮੇਂ ਸਿਰ ਸਾਵਧਾਨੀ ਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲਾਂ ਵਰਗੀਆਂ ਸੰਵੇਦਨਸ਼ੀਲ ਥਾਵਾਂ ‘ਤੇ ਫਾਇਰ ਸੇਫਟੀ ਉਪਕਰਨਾਂ ਦੀ ਸਹੀ ਸੰਭਾਲ ਤੇ ਉਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਦਫ਼ਤਰਾਂ ਤੇ ਜਨਤਕ ਥਾਵਾਂ ‘ਤੇ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿਣ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਰਾਜੂ ਚੌਹਾਨ ਦੇ ਨਾਲ ਗੁਰਲਾਲ ਸਿੰਘ ਬੀਈਈ, ਡਾ. ਹਰਮਨ ਕੌਰ, ਡਾ. ਨਿਖਿਲ ਭਗਤ ਮੈਡੀਕਲ ਅਫ਼ਸਰ, ਰਾਮ ਰਸ਼ਪਾਲ, ਰਬਿੰਦਰ ਸਿੰਘ, ਗੁਰਬੀਰ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ, ਅੰਮ੍ਰਿਤਸਰ ਕਾਲਜ ਆਫ ਨਰਸਿੰਗ ਦੇ ਟ੍ਰੇਨੀ ਵਿਦਿਆਰਥੀ, ਹਸਪਤਾਲ ਦਾ ਸਟਾਫ਼ ਅਤੇ ਲੋਕ ਹਾਜ਼ਰ ਸਨ। ==== ਮੁਕਾਬਲੇ ਦੌਰਾਨ ਤਿਆਰ ਕੀਤੇ ਪੋਸਟਰ ਪੋਸਟਰ ਮੇਕਿੰਗ ਮੁਕਾਬਲੇ ਦੌਰਾਨ ਭਾਗ ਲੈਣ ਵਾਲੇ ਟ੍ਰੇਨੀ ਵਿਦਿਆਰਥੀਆਂ ਨੇ ਅੱਗ ਲੱਗਣ ਤੋਂ ਬਚਾਅ, ਐਮਰਜੈਂਸੀ ਸਮੇਂ ਸੁਰੱਖਿਆ ਉਪਾਵਾਂ, ਫਾਇਰ ਐਕਸਟਿੰਗਵਿਸ਼ਰ ਦੀ ਵਰਤੋਂ ਤੇ ਜਨਤਕ ਥਾਵਾਂ ‘ਤੇ ਸਾਵਧਾਨੀਆਂ ਸਬੰਧੀ ਸੁੰਦਰ ਤੇ ਸੰਦੇਸ਼ ਭਰੇ ਪੋਸਟਰ ਤਿਆਰ ਕੀਤੇ। ਇਸ ਤੋਂ ਇਲਾਵਾ ਕੁਇੱਜ਼ ਮੁਕਾਬਲੇ ’ਚ ਭਾਗੀਦਾਰਾਂ ਤੋਂ ਫਾਇਰ ਸੇਫਟੀ, ਐਮਰਜੈਂਸੀ ਸੇਵਾਵਾਂ, ਪ੍ਰਥਮ ਸਹਾਇਤਾ ਤੇ ਅੱਗ ਲੱਗਣ ਦੀ ਸਥਿਤੀ ’ਚ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਸਬੰਧੀ ਪ੍ਰਸ਼ਨ ਪੁੱਛੇ ਗਏ। ਭਾਗ ਲੈਣ ਵਾਲਿਆਂ ਨੇ ਬੜੇ ਉਤਸ਼ਾਹ ਨਾਲ ਸਵਾਲਾਂ ਦੇ ਜਵਾਬ ਦਿੱਤੇ ਅਤੇ ਹਾਜ਼ਰ ਲੋਕਾਂ ਦੀ ਜਾਣਕਾਰੀ ’ਚ ਵੀ ਵਾਧਾ ਕੀਤਾ। ========= ਅੱਗ ਲੱਗਣ ਦੀ ਸਥਿਤੀ ’ਚ ਘਬਰਾਉਣਾ ਨਹੀਂ ਚਾਹੀਦਾ ਪ੍ਰੋਗਰਾਮ ਦੌਰਾਨ ਬਲਾਕ ਐਕਸਟੈਂਸ਼ਨ ਐਜੂਕੇਟਰ ਗੁਰਲਾਲ ਸਿੰਘ ਨੇ ਸਿਹਤ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਫਾਇਰ ਸੇਫਟੀ ਉਪਕਰਨਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਅੱਗ ਲੱਗਣ ਦੀ ਸਥਿਤੀ ’ਚ ਘਬਰਾਉਣ ਦੀ ਬਜਾਏ ਤੁਰੰਤ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦਿਆਂ ਮਰੀਜ਼ਾਂ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬਿਜਲੀ ਦੇ ਉਪਕਰਨਾਂ ਦੀ ਸਹੀ ਵਰਤੋਂ ਅਤੇ ਹਸਪਤਾਲ ’ਚ ਸਫ਼ਾਈ ਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਗਈ।