ਅਨੂੰ ਕਾਰ ਏਜੰਸੀ ਤਰਨਤਾਰਨ ਰੋਡ ’ਤੇ ਚੌਥੀ ਵਾਰ ਚੋਰੀ, ਚੋਰਾਂ ਨੇ ਕਟਰ ਨਾਲ ਬਾਰੀ ਵੱਢ ਕੇ ਕੀਤੀ ਵਾਰਦਾਤ
ਦੇਰ ਰਾਤ ਅਣਪਛਾਤੇ ਚੋਰ ਏਜੰਸੀ ਦੇ ਬਾਹਰ ਪਹੁੰਚੇ ਤੇ ਕਟਰ ਦੀ ਮਦਦ ਨਾਲ ਬਾਰੀ ਨੂੰ ਵੱਢ ਕੇ ਅੰਦਰ ਦਾਖ਼ਲ ਹੋ ਗਏ।
Publish Date: Sat, 02 May 2026 07:28 PM (IST)
Updated Date: Sun, 03 May 2026 04:15 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ’ਚ ਚੋਰੀਆਂ ਤੇ ਲੁੱਟ-ਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ ’ਚ ਡਰ ਤੇ ਅਸੁਰੱਖਿਆ ਦਾ ਮਾਹੌਲ ਬਣਦਾ ਜਾ ਰਿਹਾ ਹੈ। ਤਰਨਤਾਰਨ ਰੋਡ ਸਥਿਤ ਅਨੂੰ ਕਾਰ ਏਜੰਸੀ ਨੂੰ ਚੋਰਾਂ ਨੇ ਇਕ ਵਾਰ ਫਿਰ ਨਿਸ਼ਾਨਾ ਬਣਾਇਆ। ਇਸ ਏਜੰਸੀ ’ਚ ਚੌਥੀ ਵਾਰ ਚੋਰੀ ਦੀ ਵਾਰਦਾਤ ਹੋਈ ਹੈ, ਜਿਸ ਕਾਰਨ ਕਾਰੋਬਾਰੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਦੇਰ ਰਾਤ ਅਣਪਛਾਤੇ ਚੋਰ ਏਜੰਸੀ ਦੇ ਬਾਹਰ ਪਹੁੰਚੇ ਤੇ ਕਟਰ ਦੀ ਮਦਦ ਨਾਲ ਬਾਰੀ ਨੂੰ ਵੱਢ ਕੇ ਅੰਦਰ ਦਾਖ਼ਲ ਹੋ ਗਏ। ਇਸ ਦੌਰਾਨ ਚੋਰਾਂ ਨੇ ਗੱਲੇ ’ਚ ਪਈ ਕਰੀਬ 7200 ਰੁਪਏ ਦੀ ਨਕਦੀ ਚੋਰੀ ਕਰ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਸਵੇਰੇ ਜਦੋਂ ਏਜੰਸੀ ਦੇ ਕਰਮਚਾਰੀ ਦਫ਼ਤਰ ਪਹੁੰਚੇ, ਤਾਂ ਉਨ੍ਹਾਂ ਨੇ ਬਾਰੀ ਟੁੱਟੀ ਹੋਈ ਤੇ ਦਫ਼ਤਰ ਦਾ ਸਾਮਾਨ ਖਿੱਲਰਿਆ ਦੇਖ ਕੇ ਤੁਰੰਤ ਮਾਲਕਾਂ ਨੂੰ ਸੂਚਿਤ ਕੀਤਾ। ਇਸ ਸਬੰਧੀ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਮੈਂਬਰ ਐੱਸਜੀਪੀਸੀ ਨੇ ਦੱਸਿਆ ਕਿ ਚੋਰ ਬੜੀ ਯੋਜਨਾਬੱਧ ਢੰਗ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਚੋਰਾਂ ਨੇ ਬਾਹਰੋਂ ਕਟਰ ਨਾਲ ਬਾਰੀ ਵੱਢੀ ਤੇ ਅੰਦਰ ਦਾਖ਼ਲ ਹੋ ਕੇ ਸਾਰੇ ਦਫ਼ਤਰ ਦੀ ਤਲਾਸ਼ੀ ਲਈ। ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਏਜੰਸੀ ’ਚ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਹਨ। ਜਥੇਦਾਰ ਭਾਟੀਆ ਨੇ ਕਿਹਾ ਕਿ ਸ਼ਹਿਰ ਅੰਦਰ ਆਏ ਦਿਨ ਚੋਰੀ, ਲੁੱਟ ਤੇ ਹੋਰ ਅਪਰਾਧਿਕ ਵਾਰਦਾਤਾਂ ’ਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕ ਤੇ ਵਪਾਰੀ ਵਰਗ ਚਿੰਤਤ ਹਨ। ਰਾਤ ਸਮੇਂ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਵੱਲੋਂ ਕੋਈ ਢੰਗ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਰਾਤ ਸਮੇਂ ਨਿਯਮਿਤ ਪੁਲਿਸ ਗਸ਼ਤ ਤੇ ਨਾਕਾਬੰਦੀ ਕੀਤੀ ਜਾਵੇ, ਤਾਂ ਅਜਿਹੀਆਂ ਵਾਰਦਾਤਾਂ ਨੂੰ ਕਾਫੀ ਹੱਦ ਤਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਦੇ ਸਮੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਨਾਕੇ ਲਾਏ ਜਾਣ ਤੇ ਸ਼ੱਕੀ ਵਿਅਕਤੀਆਂ ’ਤੇ ਨਿਗਰਾਨੀ ਵਧਾਈ ਜਾਵੇ। ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ਦਾ ਪੁਲਿਸ ਪ੍ਰਸ਼ਾਸਨ ’ਤੇ ਭਰੋਸਾ ਘਟ ਸਕਦਾ ਹੈ।