ਬਿਜਲੀ ਘੱਟਾਂ ਨੂੰ ਲੈ ਕੇ ਅਕਾਲੀ ਦਲ ਭਲਕੇ ਕਰੇਗਾ ਤਰਨਤਾਰਨ ਬਿਜਲੀ ਘਰ ਅੱਗੇ ਪ੍ਰਦਰਸ਼ਨ
ਲੰਮੇ ਕੱਟ ਲੱਗਣ ਕਾਰਨ ਜਨ ਜੀਵਨ ਤੇ ਛੋਟੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ।
Publish Date: Tue, 28 Apr 2026 08:38 PM (IST)
Updated Date: Wed, 29 Apr 2026 04:17 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਭਰ ਵਿਚ ਅੱਤ ਦੀ ਗਰਮੀ ਦੇ ਬਾਵਜੂਦ ਲੱਗ ਰਹੇ ਬਿਜਲੀ ਦੇ ਲੰਮੇ ਲੰਮੇ ਕੱਟਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਬੱਚੇ, ਬਜੁਰਗਾਂ ਦਾ ਗਰਮੀ ਨਾਲ ਬੁਰਾ ਹਾਲ ਹੋ ਰਿਹਾ ਹੈ। ਲੰਮੇ ਕੱਟ ਲੱਗਣ ਕਾਰਨ ਜਨ ਜੀਵਨ ਤੇ ਛੋਟੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਖਾਸ ਕਰਕੇ ਪੇਂਡੂ ਇਲਾਕਿਆਂ ਵਿਚ ਲੱਗ ਰਹੇ ਕੱਟਾਂ ਕਾਰਨ ਖੇਤੀ ਸੈਕਟਰ ਵੀ ਪ੍ਰਭਾਵਿਤ ਹੋਵੇਗਾ। ਇਹ ਪ੍ਰਗਟਾਵਾ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਦੱਸਿਆ ਕਿ ਸੂਬੇ ਵਿਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ 30 ਅਪ੍ਰੈਲ ਵੀਰਵਾਰ ਨੂੰ ਸਵੇਰੇ ਦਸ ਵਜੇ ਤਰਨਤਾਰਨ ਦੇ ਬਿਜਲੀ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਹਲਕਾ ਵਾਸੀਆਂ ਨੂੰ ਇਸ ਪ੍ਰਦਰਸ਼ਨ ਵਿਚ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਇਕ ਪਾਸੇ ਸੂਬੇ ਨੂੰ ਬਿਜਲੀ ਸਰਪਲੱਸ ਹੋਣ ਦਾ ਦਾਅਵਾ ਕਰ ਰਹੀ ਹੈ। ਪਰ ਦੂਜੇ ਪਾਸੇ ਅਣ ਐਲਾਨੇ ਕੱਟਾਂ ਨੇ ਪੰਜਾਬ ਵਾਸੀਆਂ ਨੂੰ ਇਸ ਅੱਤ ਦੀ ਗਰਮੀ ਵਿਚ ਪ੍ਰੇਸ਼ਾਨ ਕੀਤਾ ਹੋਇਆ ਹੈ।