ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਇਕੱਠੇ ਹੋ ਕੇ ਕਾਂਗਰਸ ਪਾਰਟੀ ਤੇ ਸੁਖਜਿੰਦਰ ਰੰਧਾਵਾ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਾਬਕਾ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਪ੍ਰਤੀ ਦਿੱਤੇ ਬਿਆਨਾਂ ਦੇ ਵਿਰੋਧ ’ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਤਿੱਖੇ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਜ਼ਿਲ੍ਹਾ ਤਰਨਤਾਰਨ ਵਿਚ ਵੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਇਕੱਠੇ ਹੋ ਕੇ ਕਾਂਗਰਸ ਪਾਰਟੀ ਤੇ ਸੁਖਜਿੰਦਰ ਰੰਧਾਵਾ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਵੱਲੋਂ ਰੰਧਾਵਾ ਦਾ ਪੁਤਲਾ ਸਾੜ ਕੇ ਆਪਣਾ ਗੁੱਸਾ ਜਤਾਇਆ ਗਿਆ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਹਮੇਸ਼ਾ ਤੋਂ ਪੰਜਾਬ ਵਿਚ ਅਮਨ ਤੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਿਆਸਤ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਕਿਹਾ ਕਿ 1984 ਦੇ ਦਿੱਲੀ ਕਤਲੇਆਮ ਤੋਂ ਲੈ ਕੇ ਪੰਜਾਬ ’ਚ ਹੋਏ ਝੂਠੇ ਮੁਕਾਬਲਿਆਂ ਤਕ, ਕਾਂਗਰਸ ਦੇ ’ਤੇ ਕਈ ਗੰਭੀਰ ਸਵਾਲ ਖੜ੍ਹੇ ਹਨ ਤੇ ਅੱਜ ਵੀ ਉਹੀ ਰੁਝਾਨ ਜਾਰੀ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਬਿਨਾਂ ਕਿਸੇ ਸਬੂਤ ਦੇ ਸਿੱਖ ਨੌਜਵਾਨੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬਿਲਕੁਲ ਨਾ ਸਹਿਣ ਯੋਗ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖ਼ਾਲਸਾ ਇਸ ਸਮੇਂ ਡਿਬਰੂਗੜ੍ਹ ਜੇਲ੍ਹ ’ਚ ਸਖ਼ਤ ਨਿਗਰਾਨੀ ਹੇਠ ਨਜ਼ਰਬੰਦ ਹਨ, ਅਜਿਹੇ ਹਾਲਾਤਾਂ ’ਚ ਉਨ੍ਹਾਂ ਨੂੰ ਕਿਸੇ ਵੀ ਘਟਨਾ ਨਾਲ ਜੋੜਨਾ ਸਿਰਫ਼ ਝੂਠੀ ਕਹਾਣੀ ਘੜਨ ਦੇ ਬਰਾਬਰ ਹੈ। ਪਾਰਟੀ ਆਗੂਆਂ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਸੁੱਖੀ ਰੰਧਾਵਾ ਕੋਲ ਕੋਈ ਠੋਸ ਸਬੂਤ ਹਨ, ਤਾਂ ਉਹਨਾਂ ਨੂੰ ਜਨਤਾ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹਮੇਸ਼ਾ ਪੰਜਾਬ ਦੀ ਸਾਂਝੀਵਾਲਤਾ, ਹਿੰਦੂ-ਸਿੱਖ ਏਕਤਾ ਤੇ ਭਾਈਚਾਰੇ ਦੀ ਰੱਖਿਆ ਲਈ ਖੜ੍ਹਾ ਰਹੇਗਾ।
ਅਖੀਰ ’ਚ ਆਗੂਆਂ ਨੇ ਕਿਹਾ ਕਿ ਕਾਂਗਰਸ ਵੱਲੋਂ ਇਸ ਤਰ੍ਹਾਂ ਦੇ ਬਿਆਨਾਂ ਰਾਹੀਂ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੱਜ ਦਾ ਇਹ ਵਿਰੋਧ ਪ੍ਰਦਰਸ਼ਨ ਇਸ ਗੱਲ ਦਾ ਸਬੂਤ ਹੈ ਕਿ ਲੋਕ ਹੁਣ ਝੂਠ ਤੇ ਧੱਕੇਸ਼ਾਹੀ ਖ਼ਿਲਾਫ਼ ਇਕੱਠੇ ਹੋ ਰਹੇ ਹਨ।
ਇਸ ਮੌਕੇ ਭਾਈ ਹਰਭਜਨ ਸਿੰਘ ਤੁੜ, ਭਾਈ ਕੁਲਦਮਨਰੂਪ ਹਲਕਾ ਇੰਚਾਰਜ ਖਡੂਰ ਸਾਹਿਬ, ਭਾਈ ਚਮਕੌਰ ਸਿੰਘ ਧੁੰਨ ਜ਼ਿਲ੍ਹਾ ਪ੍ਰਧਾਨ ਤਰਨਤਾਰਨ, ਭਾਈ ਦਲਜੀਤ ਸਿੰਘ ਜਵੰਦਾ ਮੁੱਖ ਬੁਲਾਰਾ ਅਤੇ ਸੇਵਾਦਾਰ ਹਲਕਾ ਪੱਟੀ, ਨਰਿੰਦਰ ਸਿੰਘ ਕਲਸੀਆਂ, ਸੁਖਬੀਰ ਸਿੰਘ ਵਲਟੋਹਾ, ਅਮਨਦੀਪ ਸਿੰਘ ਨਾਰਲੀ, ਹਰਪ੍ਰੀਤ ਸਿੰਘ ਬਾਹਮਣੀਵਾਲਾ, ਰਜਿੰਦਰ ਸਿੰਘ ਤਲਵੰਡੀ, ਕਰਮ ਸਿੰਘ ਭੋਈਆਂ, ਭੁਪਿੰਦਰ ਸਿੰਘ ਤੂਤ, ਜਸਪਾਲ ਸਿੰਘ ਪੰਨੂ, ਸਰਵਨ ਸਿੰਘ ਕੁੱਤੀਵਾਲਾ, ਰਮਨਦੀਪ ਸਿੰਘ ਮੁੰਡੀਆਂ ਅਤੇ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ।