ਨਾੜ ਸਾੜਨ ਵਾਲੇ ਕਿਸਾਨਾਂ ਸਬੰਧੀ ਪ੍ਰਸ਼ਾਸ਼ਨ ਹੋਇਆ ਸਖ਼ਤ
ਨਾੜ ਸਾੜ ਕੇ ਜਿੱਥੇ ਕਿਸਾਨ ਆਪਣੀ ਜ਼ਮੀਨ ਦੀ ਸਿਹਤ ਵਿਗਾੜ ਰਹੇ ਹਨ, ਉੱਥੇ ਨਾਲ ਹੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ
Publish Date: Mon, 11 May 2026 06:23 PM (IST)
Updated Date: Tue, 12 May 2026 04:07 AM (IST)

-ਐੱਸਡੀਐੱਮ ਸੰਜੀਵ ਸ਼ਰਮਾ ਨੇ ਪੁਲਿਸ ਤੇ ਖੇਤੀਬਾੜੀ ਵਿਭਾਗ ਦੀ ਟੀਮ ਨਾਲ ਇਲਾਕੇ ਦਾ ਕੀਤਾ ਦੌਰਾ -ਨਾੜ ਨੂੰ ਅੱਗ ਲਾਉਣ ਵਾਲਿਆਂ ਵਿਰੁੱਧ ਕੀਤੀ ਜਾ ਰਹੀ ਹੈ ਸਖ਼ਤ ਕਾਰਵਾਈ : ਸੰਜੀਵ ਸ਼ਰਮਾ ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ, ਤਰਨਤਾਰਨ ਦੇ ਨਿਯਮਾਂ ਅਧੀਨ ਅੱਜ ਤਹਿਸੀਲ ਖਡੂਰ ਸਾਹਿਬ ਦੇ ਉਪ ਮੰਡਲ ਮੈਜਿਸਟ੍ਰੇਟ ਸੰਜੀਵ ਸ਼ਰਮਾ ਵੱਲੋਂ ਆਪਣੀ ਟੀਮ ਲੈ ਕੇ ਇਲਾਕੇ ਦਾ ਦੌਰਾ ਕੀਤਾ। ਟੀਮ ’ਚ ਖਡੂਰ ਸਾਹਿਬ ਖੇਤੀਬਾੜੀ ਵਿਭਾਗ ਦੇ ਕਲੱਸਟਰ ਅਫ਼ਸਰ ਡਾ. ਯਾਦਵਿੰਦਰ ਸਿੰਘ ਉਨ੍ਹਾਂ ਨਾਲ ਮੌਜੂਦ ਸਨ। ਐੱਸਡੀਐੱਮ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਆਪਣੇ ਖੇਤਾਂ ਵਿਚਲਾ ਕਣਕ ਦਾ ਨਾੜ ਨਾ ਸਾੜਨ ਸਗੋਂ ਇਸ ਨੂੰ ਆਪਣੇ ਖੇਤਾਂ ’ਚ ਮਿਲਾ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਤਾਂ ਜੋ ਉਨ੍ਹਾਂ ਦੀ ਫ਼ਸਲ ਦੀ ਪੈਦਾਵਾਰ ਵਧੇ ਤੇ ਖਾਦਾਂ ਦਾ ਖ਼ਰਚਾ ਘਟੇ। ਨਾੜ ਸਾੜ ਕੇ ਜਿੱਥੇ ਕਿਸਾਨ ਆਪਣੀ ਜ਼ਮੀਨ ਦੀ ਸਿਹਤ ਵਿਗਾੜ ਰਹੇ ਹਨ, ਉੱਥੇ ਨਾਲ ਹੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਇਨ੍ਹਾਂ ਦਿਨਾਂ ’ਚ ਤੇਜ਼ ਹਵਾਵਾਂ ਚੱਲਣ ਕਾਰਨ ਇਹ ਅੱਗ ਬੇਕਾਬੂ ਹੋ ਕੇ ਜਾਨੀ ਮਾਲੀ ਨੁਕਸਾਨ ਵੀ ਕਰ ਸਕਦੀ ਹੈ। ਇਸ ਦੇ ਨਾਲ ਹੀ ਖੇਤਾਂ ਵਿਚਲੇ ਤੇ ਸੜਕਾਂ ਕੰਢੇ ਲੱਗੇ ਰੁੱਖ ਬੂਟੇ ਤੇ ਕਈ ਤਰ੍ਹਾਂ ਦੇ ਜੀਵ ਜੰਤੂ, ਪੰਛੀ ਤੇ ਜਾਨਵਰ ਇਸ ਅੱਗ ਦੀ ਲਪੇਟ ’ਚ ਆ ਕੇ ਝੁਲਸ ਜਾਂਦੇ ਹਨ। ਪਿੰਡ ਭਰੋਵਾਲ ਦੇ ਕਿਸਾਨ ਗੁਰਮਨ ਸਿੰਘ ਨੇ ਸੜਕ ਦੇ ਦੁਆਲੇ ਨਾੜ ਨੂੰ ਅੱਗ ਲਾਈ ਸੀ। ਮੌਕੇ ’ਤੇ ਐੱਸਡੀਐੱਮ ਦੀ ਅਗਵਾਈ ਵਾਲੀ ਟੀਮ ਨੇ ਉਸ ਦਾ ਚਲਾਨ ਕੀਤਾ। ਡਾ. ਯਾਦਵਿੰਦਰ ਸਿੰਘ ਕਲੱਸਟਰ ਅਫ਼ਸਰ ਖਡੂਰ ਸਾਹਿਬ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।