ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਨੂੰ ਬਦਲਾਖੋਰੀ ਵਰਗੇ ਦੋਸ਼ ਲਗਾਉਣ ਦੀ ਥਾਂ ‘ਆਪ’ ਨੂੰ ਆਪਣੇ ਮੰਤਰੀਆਂ ਤੇ ਆਗੂਆਂ ਤੋਂ ਜਵਾਬ ਮੰਗਣਾ ਚਾਹੀਦਾ ਸੀ।

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਭ੍ਰਿਸ਼ਟਾਚਾਰ ਖ਼ਿਲਾਫ਼ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨਾਲ ਹੋਂਦ ’ਚ ਆਈ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ’ਚ ਫ਼ਸਦੇ ਦਿਖਾਈ ਦੇ ਰਹੇ ਮੰਤਰੀਆਂ ਤੇ ਵਿਧਾਇਕਾਂ ਨੂੰ ਬਚਾਉਣ ਲਈ ਸੜਕਾਂ ’ਤੇ ਉੱਤਰ ਕੇ ਗੁੰਡਾਗਰਦੀ ਦਾ ਨਾਚ ਕਰ ਰਹੀ ਹੈ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ‘ਆਪ’ ਦੇ ਸੰਸਥਾਪਕ ਸਿਧਾਂਤ ਸਿਰਫ਼ ਇਕ ਰਾਜਨੀਤਿਕ ਮਿੱਥ ਤੇ ਜੁਮਲਾ ਸਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਕਰਦਿਆਂ ਕਿਹਾ ਕਿ ਲੰਘੇ ਦਿਨ ਈਡੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡ੍ਰਿਗ ਮਾਮਲੇ ’ਚ ਤੀਜੀ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਜਵਾਬਦੇਹੀ ਨਿਭਾਉਣ ਦੀ ਥਾਂ ਆਮ ਆਦਮੀ ਪਾਰਟੀ ਨੇ ਪੰਜਾਬ ਭਰ ’ਚ ਭਾਜਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਜੋ ਲੋਕ ਇਨਕਲਾਬ ਅਤੇ ਪਾਰਦਰਸ਼ਤਾ ਦੀ ਗੱਲ ਕਰਦੇ ਸਨ, ਉਹ ਅੱਜ ਖੁੱਲ੍ਹੇਆਮ ਭ੍ਰਿਸ਼ਟਾਚਾਰੀਆਂ ਦੀ ਪਿੱਠ ’ਤੇ ਖੜ੍ਹੇ ਨਜ਼ਰ ਆ ਰਹੇ ਹਨ।
ਭਰੋਵਾਲ ਨੇ ਪੰਜਾਬ ਭਾਜਪਾ ਦਫ਼ਤਰਾਂ ’ਚ ਦਾਖ਼ਲ ਹੋ ਕੇ ‘ਆਪ’ ਆਗੂਆਂ ਤੇ ਵਰਕਰਾਂ ਵੱਲੋਂ ਕੀਤੀ ਗਈ ਕਥਿਤ ਗੁੰਡਾਗਰਦੀ ਤੇ ਤੋੜ-ਫੋੜ ਦੀ ਸਖ਼ਤ ਨਿਖੇਧੀ ਕਰਦਿਆਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਬਲਾਚੌਰ ’ਚ ‘ਆਪ’ ਵਿਧਾਇਕ ਵੱਲੋਂ ਪੁਲਿਸ ਦੀ ਮੌਜੂਦਗੀ ’ਚ ਭਾਜਪਾ ਦਫ਼ਤਰ ’ਚ ਵੜ ਕੇ ਜ਼ਿਲ੍ਹਾ ਪ੍ਰਧਾਨ ਨਾਲ ਕੀਤੀ ਗਈ ਕੁੱਟਮਾਰ ਨੀਵੇਂ ਪੱਧਰ ਦੀ ਸਿਆਸਤ ਤੇ ਨੈਤਿਕ ਪਤਨ ਦੀ ਨਿਸ਼ਾਨੀ ਹੈ।
ਲੋਕਤੰਤਰ ’ਚ ਵਿਰੋਧ ਕਰਨਾ ਸਭ ਦਾ ਹੱਕ ਹੈ, ਪਰ ਕਾਨੂੰਨ ਆਪਣੇ ਹੱਥ ’ਚ ਲੈਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਭਰੋਵਾਲ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀਆਂ ਦੀ ਕਾਰਵਾਈ ਨੂੰ ਬਦਲਾਖੋਰੀ ਵਰਗੇ ਦੋਸ਼ ਲਗਾਉਣ ਦੀ ਥਾਂ ‘ਆਪ’ ਨੂੰ ਆਪਣੇ ਮੰਤਰੀਆਂ ਤੇ ਆਗੂਆਂ ਤੋਂ ਜਵਾਬ ਮੰਗਣਾ ਚਾਹੀਦਾ ਸੀ।
ਇਸੇ ਹਫ਼ਤੇ ਈਡੀ ਵੱਲੋਂ ਰੀਅਲ ਅਸਟੇਟ ਗਰੁੱਪਾਂ ’ਤੇ ਕੀਤੀਆਂ ਛਾਪੇਮਾਰੀਆਂ ਦੌਰਾਨ ਮੁਹਾਲੀ ਦੀ ਇਕ ਇਮਾਰਤ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਇਕੱਠਾ ਕੀਤਾ ਗਿਆ ਪੈਸਾ ਬਰਾਮਦ ਹੋਇਆ। ਭਰੋਵਾਲ ਨੇ ਕਿਹਾ ਕਿ ‘ਆਪ’ ਭਾਵੇਂ ਹਰ ਜਾਂਚ ਨੂੰ ਸਿਆਸੀ ਬਦਲਾਖੋਰੀ ਕਹੇ, ਪਰ ਇਹ ਕਾਰਵਾਈਆਂ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹਨ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਨੂੰ ਕੇਵਲ ਰਾਜਨੀਤਿਕ ਨਾਅਰਿਆਂ ਨਾਲ ਨਹੀਂ ਢੱਕਿਆ ਜਾ ਸਕਦਾ।
ਇਸ ਮੌਕੇ ਉਨ੍ਹਾਂ ਨਾਲ ਚੋਹਲਾ ਸਰਕਲ ਦੇ ਪ੍ਰਧਾਨ ਬਾਬਾ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ, ਜਵਾਹਰ ਨਈਅਰ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ ਟੀਟੂ, ਠੇਕੇਦਾਰ ਸੁਖਜਿੰਦਰ ਸਿੰਘ ਧੂੰਦਾ, ਤਰਸੇਮ ਸਿੰਘ ਛਾਪੜੀ ਸਾਹਿਬ, ਰਣਜੀਤ ਸਿੰਘ, ਡਾ. ਬਲਬੀਰ ਸਿੰਘ ਆਦਿ ਵੀ ਹਾਜ਼ਰ ਸਨ।