ਆਪ ਸਰਕਾਰ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਕਰ ਰਹੀ ਹੈ ਰਾਜਨੀਤੀ : ਰਵਨੀਤ ਸਿੰਘ ਬਿੱਟੂ
ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਉੱਤੇ ਦਿਨ ਦਿਹਾੜੇ ਕੀਤਾ ਗਿਆ ਇਹ ਹਮਲਾ ਸਿਰਫ਼ ਇੱਕ ਰਾਜਨੀਤਿਕ ਪਾਰਟੀ ‘ਤੇ ਹਮਲਾ ਨਹੀਂ, ਸਗੋਂ ਲੋਕਤੰਤਰ ‘ਤੇ ਸਿੱਧਾ ਹਮਲਾ ਹੈ
Publish Date: Tue, 12 May 2026 08:02 PM (IST)
Updated Date: Wed, 13 May 2026 04:12 AM (IST)

ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ’ਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿਚ ਸੋਮਵਾਰ ਨੂੰ ਅਣਪਛਾਤਿਆਂ ਵੱਲੋਂ ਕੀਤਾ ਗਿਆ ਹਮਲਾ ਅਤੇ ਤੋੜ ਫੋੜ ਗਿਣੀ ਮਿੱਥੀ ਸਾਜਿਸ਼ ਸੀ ਅਤੇ ਇਸ ਜਾਨਲੇਵਾ ਹਮਲੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਹੋਰ ਆਗੂਆਂ ਦਾ ਨੁਕਸਾਨ ਕਰਨ ਦੀ ਯੋਜਨਾ ਬਣਾਈ ਗਈ ਸੀ। ਇਹ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੰਗਲਵਾਰ ਨੂੰ ਭਾਜਪਾ ਦਫ਼ਤਰ ਵਿਚ ਪਹੁੰਚਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਸਹਿ ਪ੍ਰਭਾਰੀ ਅਤੇ ਪ੍ਰਦੇਸ਼ ਪ੍ਰਵਕਤਾ ਨਰੇਸ਼ ਸ਼ਰਮਾ ਤੋਂ ਇਲਾਵਾ ਜ਼ਿਲ੍ਹਾ ਮਹਾਂ ਮੰਤਰੀ, ਮੰਡਲ ਪ੍ਰਧਾਨ, ਪ੍ਰਮੁੱਖ ਆਗੂ ਅਤੇ ਵੱਡੀ ਗਿਣਤੀ ਵਿਚ ਭਾਜਪਾ ਸਮਰਥਕ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਛਤਰ ਛਾਇਆ ਹੇਠ ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਉੱਤੇ ਦਿਨ ਦਿਹਾੜੇ ਕੀਤਾ ਗਿਆ ਇਹ ਹਮਲਾ ਸਿਰਫ਼ ਇੱਕ ਰਾਜਨੀਤਿਕ ਪਾਰਟੀ ‘ਤੇ ਹਮਲਾ ਨਹੀਂ, ਸਗੋਂ ਲੋਕਤੰਤਰ ‘ਤੇ ਸਿੱਧਾ ਹਮਲਾ ਹੈ। ਬਿੱਟੂ ਨੇ ਕਿਹਾ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਜ਼ਿਲ੍ਹਾ ਪ੍ਰਧਾਨ ਸ੍ਰੀ ਹਰਜੀਤ ਸਿੰਘ ਸੰਧੂ ਅਤੇ ਹੋਰ ਭਾਜਪਾ ਆਗੂ ਸਨ। ਉਨ੍ਹਾਂ ਦੱਸਿਆ ਕਿ ਚੰਗੀ ਕਿਸਮਤ ਨਾਲ ਪ੍ਰਧਾਨ ਕੁਝ ਮਿੰਟ ਪਹਿਲਾਂ ਹੀ ਦਫ਼ਤਰ ਤੋਂ ਬਾਹਰ ਨਿਕਲੇ ਸੀ। ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਗੰਭੀਰ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਬਦਲਾਅ ਦੇ ਨਾਮ ‘ਤੇ ਧੋਖਾ ਕੀਤਾ ਗਿਆ ਹੈ। ਜਿੱਥੇ ਆਮ ਲੋਕਾਂ ਨੂੰ ਸੁਰੱਖਿਆ ਦੀ ਲੋੜ ਹੈ, ਉੱਥੇ ਸਰਕਾਰ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਡਰਾਉਣ ਅਤੇ ਦਬਾਉਣ ਦੀ ਰਾਜਨੀਤੀ ਕਰ ਰਹੀ ਹੈ। ਜਿਹੜੇ ਲੋਕ ਭਾਜਪਾ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਭਾਜਪਾ ਦਾ ਹਰ ਇਕ ਵਰਕਰ ਦੇਸ਼ ਦੀ ਏਕਤਾ ਅਤੇ ਲੋਕਤੰਤਰ ਦੀ ਰੱਖਿਆ ਲਈ ਹਮੇਸ਼ਾਂ ਡੱਟ ਕੇ ਖੜ੍ਹਾ ਰਹੇਗਾ। ====== ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰੋ ਨਹੀਂ ਤਾਂ ਸੂਬਾ ਪੱਧਰ ’ਤੇ ਹੋਵੇਗਾ ਸੰਘਰਸ਼ : ਬਿੱਟੂ ਉਨ੍ਹਾਂ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਭਾਜਪਾ ਵੱਲੋਂ ਸੂਬਾ ਪੱਧਰ ‘ਤੇ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹਮਲੇ ਦੇ ਪਿੱਛੇ ਜਿਹੜੇ ਵੀ ਲੋਕ ਹਨ, ਉਨ੍ਹਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਾਜ਼ਿਸ਼ਕਾਰਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ ਹਰਜੀਤ ਸਿੰਘ ਸੰਧੂ ਨੇ ਵੀ ਕੇਂਦਰੀ ਰਾਜ ਮੰਤਰੀ ਸਰਦਾਰ ਅਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਇੱਕ ਪਰਿਵਾਰ ਵਾਂਗ ਇਕੱਠਾ ਖੜ੍ਹਾ ਹੈ ਅਤੇ ਅਜਿਹੀਆਂ ਘਟਨਾਵਾਂ ਨਾਲ ਉਹ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਪਰ ਹਿੰਸਾ ਅਤੇ ਗੁੰਡਾਗਰਦੀ ਦਾ ਕੋਈ ਸਥਾਨ ਨਹੀਂ ਹੋ ਸਕਦਾ। ===== ਬਿੱਟੂ ਦੀ ਫੇਰੀ ਮੌਕੇ ਇਹ ਆਗੂ ਵੀ ਰਹੇ ਹਾਜ਼ਰ ਇਸ ਮੌਕੇ ਤੇ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ, ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਮੀਤ ਪ੍ਰਧਾਨ ਰਿਤੇਸ਼ ਚੋਪੜਾ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਬਲਵਿੰਦਰ ਸਿੰਘ, ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ, ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ, ਸਕੱਤਰ ਹਰਮਨਦੀਪ ਸਿੰਘ ਕੱਲਾ, ਸਕੱਤਰ ਸਵਿੰਦਰ ਸਿੰਘ ਪੰਨੂ, ਸਕੱਤਰ ਹਰਜੀਤ ਸਿੰਘ ਕੰਗ, ਨੌਜਵਾਨ ਆਗੂ ਗੁਰਲਾਲ ਸਿੰਘ ਅਲਗੋਂ, ਮੋਰਚਾ ਜਨਰਲ ਸਕੱਤਰ ਅਮਨ ਅਰੋੜਾ, ਮੇਜਰ ਸਿੰਘ ਗਿੱਲ, ਸਰਕਲ ਪ੍ਰਧਾਨ ਰੋਹਿਤ ਸ਼ਰਮਾ, ਭੋਲਾ ਸਿੰਘ ਰਾਣਾ ਗੰਡੀਵਿੰਡ, ਦਿਲਬਾਗ ਸਿੰਘ ਖਾਰਾ, ਡਾ. ਸੁਖਵੰਤ ਸਿੰਘ ਮੂਸੇ, ਕਰਮਜੀਤ ਸਿੰਘ ਗੱਗੋਬੂਹਾ, ਮੇਹਰ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਖੁਸ਼ਪਿੰਦਰ ਸਿੰਘ, ਸੁਖਵਿੰਦਰ ਸਿੰਘ, ਵਿਜੇ ਵਿਨਾਇਕ, ਕਾਰਜ ਸਿੰਘ ਸ਼ਾਹ, ਗੌਰਵ ਦੇਵਗਨ, ਮਲਕੀਤ ਸਿੰਘ, ਜੇਈ ਗੁਰਬਚਨ ਸਿੰਘ, ਸੁਖਦੇਵ ਸਿੰਘ ਮਾਲੂਵਾਲ, ਬਚਿੱਤਰ ਸਿੰਘ, ਰਾਮੇਸ਼ ਕਲਸੀ, ਜਸਵਿੰਦਰ ਸਿੰਘ, ਘਣਸ਼ਿਆਮ ਜੋਸ਼ੀ, ਅਮਨ ਸ਼ਰਮਾ, ਪਰਮਜੀਤ ਸਿੰਘ, ਚਰਨਜੀਤ ਸਿੰਘ ਖਾਲਸਾ, ਦਲਜਿੰਦਰ ਸਿੰਘ ਖਾਲਸਾ, ਰਾਮੇਸ਼ ਕਲਸੀ ਤੋਂ ਇਲਾਵਾ ਜਿਲੇ ਭਰ ਤੋਂ ਸੈਂਕੜੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ। === ਭਾਜਪਾ ਦਫਤਰ ’ਤੇ ਹੋਏ ਹਮਲੇ ਨੂੰ ਲੈ ਕੇ ਸਰਕਾਰ ਦਾ ਪੁਤਲਾ ਫੂਕਿਆ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂਆਂ ਨੇ ਤਰਨਤਾਰਨ-ਅੰਮ੍ਰਿਤਸਰ ਚੌਂਕ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਸਮਰਥਕ ਮੌਜੂਦ ਰਹੇ, ਜਿਨ੍ਹਾਂ ਨੇ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਆਮ ਆਦਮੀ ਪਾਰਟੀ ਦੀ ਨਾਕਾਮ ਸਰਕਾਰ ਖ਼ਿਲਾਫ਼ ਆਪਣਾ ਗੁੱਸਾ ਪ੍ਰਗਟ ਕੀਤਾ। ਕੇਂਦਰੀ ਰਾਜ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਦੀ ਸਥਿਤੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ ਅਤੇ ਸ਼ਰਾਰਤੀ ਅਨਸਰ ਖੁੱਲ੍ਹੇਆਮ ਸਿਆਸੀ ਪਾਰਟੀਆਂ ਦੇ ਦਫਤਰਾਂ ਤਕ ਪਹੁੁੰਚ ਰਹੇ ਹਨ।