ਈਡੀ ਦੀਆਂ ਕਾਰਵਾਈਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੀਤਾ ਪ੍ਰਦਰਸ਼ਨ
ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰ ਦਾ ਗਲਾ ਘੁੱਟਣ ਲਈ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ।
Publish Date: Sun, 10 May 2026 05:32 PM (IST)
Updated Date: Mon, 11 May 2026 04:04 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਐਤਵਾਰ ਨੂੰ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਤਰਨਤਾਰਨ ’ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦੇ ਵੱਖ-ਵੱਖ ਹਲਕਿਆਂ ਤੋਂ ਵਿਧਾਇਕਾਂ ਤੇ ਸੀਨੀਅਰ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਈਡੀ ਦੀ ਧੱਕੇਸ਼ਾਹੀ ਤੇ ਰਾਜਨੀਤਿਕ ਬਦਲਾਖੋਰੀ ਵਿਰੁੱਧ ਧਰਨਾ ਦਿੱਤਾ ਤੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਜ਼ਾਹਰ ਕੀਤਾ। ਇਸ ਮੌਕੇ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ, ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਈਡੀ ਭਾਜਪਾ ਦਾ ਹਥਿਆਰ ਬਣ ਚੁੱਕੀ ਹੈ। ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰ ਦਾ ਗਲਾ ਘੁੱਟਣ ਲਈ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਈਡੀ ਹੁਣ ਇਕ ਨਿਰਪੱਖ ਜਾਂਚ ਏਜੰਸੀ ਨਹੀਂ, ਸਗੋਂ ਭਾਜਪਾ ਦਾ ਡੰਡਾ ਤੰਤਰ ਬਣ ਚੁੱਕੀ ਹੈ, ਜੋ ਵਿਰੋਧੀ ਧਿਰ ਦੀ ਅਵਾਜ਼ ਨੂੰ ਦਬਾਉਣ ਲਈ ਵਰਤੀ ਜਾ ਰਹੀ ਹੈ। ਰਾਜ ਸਭਾ ਮੈਂਬਰਾਂ ਤੋਂ ਬਾਅਦ ਹੁਣ ਸੰਜੀਵ ਅਰੋੜਾ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਭਾਜਪਾ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਨੂੰ ਝੂਠੇ ਕੇਸਾਂ ’ਚ ਫਸਾ ਕੇ ਤੰਗ ਕੀਤਾ। ਹੁਣ ਉਦਯੋਗਪਤੀ ਅਤੇ ਸਮਾਜ ਸੇਵੀ ਸੰਜੀਵ ਅਰੋੜਾ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਉਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਿਰਫ਼ ਇਕ ਵਿਅਕਤੀ ’ਤੇ ਨਹੀਂ, ਸਗੋਂ ਪੰਜਾਬ ਦੇ ਸਨਮਾਨ ਉਪਰ ਹਮਲਾ ਹੈ। ਆਗੂਆਂ ਨੇ ਕਿਹਾ ਕਿ ਈਡੀ ਰਾਹੀਂ ਕੀਤੀ ਜਾ ਰਹੀ ਕਾਰਵਾਈ ਕਾਨੂੰਨ ਦੇ ਰਾਜ ਦਾ ਨਹੀਂ, ਸਗੋਂ ਗੁੰਡਾਗਰਦੀ ਦਾ ਨੰਗਾ ਨਾਚ ਹੈ। ਬਿਨਾ ਕਿਸੇ ਠੋਸ ਸਬੂਤ ਤੋਂ ਛਾਪੇ ਮਾਰਨੇ, ਡਰਾਉਣਾ-ਧਮਕਾਉਣਾ ਤੇ ਗ੍ਰਿਫ਼ਤਾਰ ਕਰਨਾ ਭਾਜਪਾ ਦੀ ਤਾਨਾਸ਼ਾਹੀ ਸੋਚ ਨੂੰ ਦਰਸਾਉਂਦਾ ਹੈ। ==== ਆਮ ਆਦਮੀ ਪਾਰਟੀ ਧੱਕੇਸ਼ਾਹੀਆਂ ਅੱਗੇ ਨਹੀਂ ਝੁਕੇਗੀ ਵੱਖ-ਵੱਖ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਧੱਕੇਸ਼ਾਹੀ ਅੱਗੇ ਕਦੇ ਨਹੀਂ ਝੁਕੇਗੀ। ਅੱਜ ਦਾ ਧਰਨਾ-ਪ੍ਰਦਰਸ਼ਨ ਤੇ ਪੁਤਲਾ ਫੂਕ ਮੁਜ਼ਾਹਰਾ ਇਸ ਗੱਲ ਦਾ ਐਲਾਨ ਹੈ ਕਿ ਪੰਜਾਬ ਦੀ ਜਨਤਾ ਤੇ ਆਪ ਦਾ ਇਕ-ਇਕ ਵਰਕਰ ਭਾਜਪਾ ਦੀ ਇਸ ਤਾਨਾਸ਼ਾਹੀ ਖ਼ਿਲਾਫ਼ ਸੜਕਾਂ ’ਤੇ ਉੱਤਰ ਕੇ ਸੰਘਰਸ਼ ਕਰੇਗਾ। ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਈਡੀ ਦੀ ਦੁਰਵਰਤੋਂ ਤੁਰੰਤ ਬੰਦ ਕਰੇ ਤੇ ਸੰਜੀਵ ਅਰੋੜਾ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਪੰਜਾਬ ਭਰ ’ਚ ਜ਼ਿਲ੍ਹਾ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ==== ਪ੍ਰਦਰਸ਼ਨ ਦੌਰਾਨ ਇਹ ਆਗੂ ਵੀ ਹੋਏ ਹਾਜ਼ਰ ਵੇਅਰਹਾਊਸ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਪੇਡਾ ਦੇ ਚੇਅਰਪਰਸਨ ਨਵਜੋਤ ਹੁੰਦਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਸੀਨੀਅਰ ਆਗੂ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਉਸਮਾ, ਚੇਅਰਮੈਨ ਡਾਕਟਰ ਕੁਲਦੀਪ ਸਿੰਘ, ਚੇਅਰਮੈਨ ਅਮਰਿੰਦਰ ਸਿੰਘ ਐਮੀ, ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਡਾਇਰੈਕਟਰ ਪੰਜਾਬ ਸੇਵਕਪਾਲ ਸਿੰਘ ਝੰਡੇਰ ਮਹਾਪੁਰਖਾਂ, ਡਾਇਰੈਕਟਰ ਮੰਡੀ ਬੋਰਡ ਹਰਪ੍ਰੀਤ ਸਿੰਘ ਧੁੰਨਾ, ਡਾਇਰੈਕਟਰ ਅੰਗਦਦੀਪ ਸਿੰਘ ਸੋਹਲ, ਡਾਇਰੈਕਟਰ ਅੰਜੂ ਵਰਮਾ, ਐੱਨਆਰਆਈ ਸਕੱਤਰ ਸਿੰਘ, ਕੁਲਦੀਪ ਸਿੰਘ ਮਥਰੇਵਾਲ, ਐੱੰਮਸੀ ਜਸਕਰਨ ਸਿੰਘ ਸੋਨੀ ਬਾਬਾ, ਸਰਪੰਚ ਗੁਰਜੀਤ ਟਾਂਡਾ, ਸੁਵਿੰਦਰ ਸਿੰਘ ਚੰਬਾ, ਹੈਰੀ ਗਿੱਲ, ਸਰਪੰਚ ਕੇਵਲ ਚੋਹਲਾ ਸਾਹਿਬ, ਸਰਬਜੀਤ ਸਿੰਘ ਮਾਣੋਚਾਹਲ, ਬਲਜੀਤ ਭੰਡਾਲ, ਪੀਏ ਵਿਧਾਇਕ ਧੁੰਨ ਹੀਰਾ ਸਿੰਘ, ਹਰਵਿੰਦਰ ਸਿੰਘ ਸਰਾਂ, ਧਰਮਵੀਰ ਸਿੰਘ ਧਨੋਆ, ਹਰਵਿੰਦਰ ਸਿੰਘ ਢੋਟੀਆਂ, ਗੁਰਜੀਤ ਸਿੰਘ, ਫੂਲਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸਰਪੰਚ, ਪੰਚ, ਚੇਅਰਮੈਨ, ਪਾਰਟੀ ਦੇ ਆਗੂ ਤੇ ਵਲੰਟੀਅਰ ਵੀ ਮੌਜੂਦ ਸਨ।