ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ, ਪਰਿਵਾਰ ਨੇ ਬਿਨਾਂ ਕਾਰਵਾਈ ਦੇ ਕੀਤਾ ਸਸਕਾਰ
ਸਭਰਾ ’ਚ ਸ਼ਰੇਆਮ ਨਸ਼ਾ ਵਿਕਦਾ ਹੈ ਤੇ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਉਨ੍ਹਾਂ ਦਾ ਪੱਖ ਪੂਰਦੀ ਹੈ।
Publish Date: Mon, 04 May 2026 09:17 PM (IST)
Updated Date: Tue, 05 May 2026 04:18 AM (IST)
ਸਤਨਾਮ ਸਿੰਘ ਚੀਮਾ,•ਪੰਜਾਬੀ ਜਾਗਰਣ, ਘਰਿਆਲਾ : ਤਰਨ ਤਾਰਨ ਦੇ ਪੈਂਦੇ ਪਿੰਡ ਸਭਰਾ ਵਿਖੇ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਸਰਦੂਲ ਸਿੰਘ ਦੇ ਪਿਤਾ ਬਲਵੀਰ ਸਿੰਘ, ਉਸਦੇ ਚਾਚਾ ਰਣਜੀਤ ਸਿੰਘ ਅਤੇ ਭਰਾ ਰਣਧੀਰ ਸਿੰਘ ਨੇ ਦੱਸਿਆ ਕਿ ਸਰਦੂਲ ਸਿੰਘ ਦੇਰ ਰਾਤ ਘਰ ਤੋਂ ਬਾਹਰ ਗਿਆ ਸੀ। ਪਰ ਘਰ ਵਾਪਸ ਨਹੀਂ ਆਇਆ ਅਤੇ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਤੁਹਾਡਾ ਲੜਕਾ ਬਾਹਰ ਮੰਡ ’ਚ ਪਿਆ ਹੈ। ਜਦੋਂ ਉਨ੍ਹਾਂ ਨੇ ਜਾ ਕੇ ਵੇਖਿਆ ਤਾਂ ਉਹਨਾਂ ਦੇ ਲੜਕੇ ਵੱਲੋਂ ਟੀਕਾ ਲਾਇਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿੰਡ ਸਭਰਾ ’ਚ ਸ਼ਰੇਆਮ ਨਸ਼ਾ ਵਿਕਦਾ ਹੈ ਤੇ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਉਨ੍ਹਾਂ ਦਾ ਪੱਖ ਪੂਰਦੀ ਹੈ। ਜਿਸ ਕਰ ਕੇ ਉਨ੍ਹਾਂ ਵੱਲੋਂ ਥਾਣੇ ਦਰਖਾਸਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਵਾਅਦਾ ਕਰਕੇ ਸੱਤਾ ’ਚ ਆਈ ਸੀ ਕਿ ਉਹ ਨਸ਼ਾ ਬੰਦ ਕਰ ਦੇਣਗੇ ਪਰ ਇਹ ਸਰਕਾਰ ਨੇ ਨਸ਼ਾ ਤਾਂ ਬੰਦ ਕੀ ਕਰਨਾ ਸੀ, ਲੋਕਾਂ ਦੇ ਘਰ ਘਰ ਨਸ਼ਾ ਪਹੁੰਚਾ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਸਭਰਾ ’ਚ ਵਿਕਦੇ ਨਸ਼ੇ ਨੂੰ ਠੱਲ੍ਹ ਪਾਈ ਜਾਵੇ ਤਾਂ ਜੋ ਕੋਈ ਹੋਰ ਨੌਜਵਾਨ ਨਸ਼ੇ ਦੀ ਭੇਟ ਨਾ ਚੜ੍ਹ ਸਕੇ।