ਦਸ ਰੋਜ਼ਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਫਲਤਾ ’ਤੇ ਕਰਵਾਇਆ ਸ਼ੁਕਰਾਨਾ ਸਮਾਗਮ
ਤਰਨਤਾਰਨ ਤੋਂ ਇਲਾਵਾ ਅੰਮ੍ਰਿਤਸਰ ਤੇ ਸ੍ਰੀ ਗੋਇੰਦਵਾਲ ਸਾਹਿਬ ਦੀ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।
Publish Date: Sun, 03 May 2026 08:29 PM (IST)
Updated Date: Mon, 04 May 2026 04:15 AM (IST)

ਜਸਪਾਲ ਸਿੰਘ ਜੱਸੀ/ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਤਰਨਤਾਰਨ/ਸ੍ਰੀ ਗੋਇੰਦਵਾਲ ਸਾਹਿਬ : ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਮੌਕੇ ਤਰਨਤਾਰਨ ’ਚ ਕਰਵਾਏ ਗਏ ਦਸ ਰੋਜ਼ਾ ਸਮਾਗਮਾਂ ਦੀ ਸਫਲਤਾ ’ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ’ਚ ਤਰਨਤਾਰਨ ਤੋਂ ਇਲਾਵਾ ਅੰਮ੍ਰਿਤਸਰ ਤੇ ਸ੍ਰੀ ਗੋਇੰਦਵਾਲ ਸਾਹਿਬ ਦੀ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਜਦੋਂਕਿ ਸਵੇਰ ਤੋਂ ਦੁਪਹਿਰ ਤਕ ਵੱਖ-ਵੱਖ ਜਥਿਆਂ ਨੇ ਗੁਰਬਾਣੀ ਦੀ ਛਹਿਬਰ ਲਾ ਕੇ ਸੰਗਤ ਨੂੰ ਨਿਹਾਲ ਕੀਤਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਦੇ ਦਸ ਰੋਜ਼ਾ ਸਮਾਗਮਾਂ ਦੀ ਸਫਲਤਾ ਸਬੰਧੀ ਐਤਵਾਰ ਨੂੰ ਸ਼ੁਕਰਾਨਾ ਸਮਾਗਮ ਗੁਰਦੁਆਰਾ ਚੁਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੈਨੇਜਰ ਸਰਬਦਿਆਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਮੌਕੇ ਸਵੇਰੇ ਸਾਢੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਵੇਰੇ 9 ਤੋਂ ਸਾਢੇ 9 ਵਜੇ ਤਕ ਭਾਈ ਤਸਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਗੋਇੰਦਵਾਲ ਸਾਹਿਬ, ਸਾਢੇ 9 ਤੋਂ 10 ਵਜੇ ਤਕ ਗਿਆਨੀ ਨਿਹਾਲ ਸਿੰਘ ਗ੍ਰੰਥੀ ਗੁਰਦੁਆਰਾ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ, 10 ਤੋਂ ਸਾਢੇ 10 ਵਜੇ ਤਕ ਭਾਈ ਜਤਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਗੋਇੰਦਵਾਲ ਸਾਹਿਬ, ਸਾਢੇ 10 ਤੋਂ ਸਾਢੇ 11 ਵਜੇ ਤਕ ਗਿਆਨੀ ਸਤਵੰਤ ਸਿੰਘ ਕਥਾ ਵਾਚਕ ਅੰਮ੍ਰਿਤਸਰ ਅਤੇ ਸਾਢੇ 11 ਤੋਂ ਸਮਾਪਤੀ ਤਕ ਭਾਈ ਗੁਰਵਿੰਦਰ ਸਿੰਘ ਰਿੰਕੂ ਸ੍ਰੀ ਅੰਮ੍ਰਿਤਸਰ ਵਾਲਿਆਂ ਨੇ ਸੰਗਤ ਨੂੰ ਹਰ ਜਸ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਰਨਤਾਰਨ ’ਚ ਹੋਣ ਵਾਲੇ ਸਮਾਗਮਾਂ ਦੀ ਸਫਲਤਾ ਦੇ ਸਬੰਧ ’ਚ ਹਰ ਸਾਲ ਸ਼ੁਕਰਾਨਾ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਕਰਵਾਇਆ ਜਾਂਦਾ ਹੈ। =========== 31 ਮਾਰਚ ਨੂੰ ਇਤਿਹਾਸਿਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤੋਂ ਆਰੰਭ ਹੋਏ ਸਨ ਦਸ ਰੋਜ਼ਾ ਸਮਾਗਮ ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਦਸ ਰੋਜ਼ਾ ਸਮਾਗਮ 31 ਮਾਰਚ ਨੂੰ ਇਤਿਹਾਸਿਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਾਰਨ ਤੋਂ ਆਰੰਭ ਹੋਏ ਸਨ। ਫਿਰ 1 ਅਪ੍ਰੈਲ ਨੂੰ ਗੁਰਦੁਆਰਾ ਪੁਲਿਸ ਕਾਲੋਨੀ, 2 ਅਪ੍ਰੈਲ ਨੂੰ ਗੁਰਦੁਆਰਾ ਭਗਤ ਨਾਮਦੇਵ ਜੀ, 3 ਅਪ੍ਰੈਲ ਨੂੰ ਗੁਰਦੁਆਰਾ ਖੂਹ ਬੀਬੀ ਭਾਨੀ ਜੀ, 4 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਕਾ ਖੂਹ, 5 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਅਫ਼ਸਰ ਐਵੀਨਿਊ ਫੋਕਲ ਪੁਆਇੰਟ ਅਤੇ 6 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਮੁਰਾਦਪੁਰਾ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਇਸੇ ਤਰ੍ਹਾਂ 7, 8 ਅਤੇ 9 ਅਪ੍ਰੈਲ ਨੂੰ ਤਿੰਨ ਦਿਨ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਗੁਰਮਤਿ ਸਮਾਗਮ ਹੋਏ ਸਨ। ==== ਸੰਗਤ ਨੂੰ ਸਮਾਗਮ ਤੱਕ ਲਿਆਉਣ ਲਈ ਬੱਸਾਂ ਦਾ ਕੀਤਾ ਪ੍ਰਬੰਧ ਸਮਾਗਮ ’ਚ ਸੰਗਤ ਨੂੰ ਸਮਾਗਮ ’ਚ ਲਿਆਉਣ ਲਈ ਜਿੱਥੇ ਤਰਨਤਾਰਨ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ, ਉੱਥੇ ਹੀ ਅੰਮ੍ਰਿਤਸਰ ਤੋਂ ਵੀ ਪੰਜ ਬੱਸਾਂ ਸਮਾਗਮ ’ਚ ਸ਼ਾਮਲ ਹੋਣ ਲਈ ਪੁੱਜੀਆਂ ਹਨ। ਇਸ ਮੌਕੇ ਜਿੱਥੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਉੱਥੇ ਹੀ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ।