ਨਾੜ ਦੀ ਅੱਗ ਨੇ ਸੜਕ ਕਿਨਾਰੇ ਵਣ ਵਿਭਾਗ ਵੱਲੋਂ ਲਾਏ ਰੁੱਖਾਂ ਨੂੰ ਲਪੇਟ ’ਚ ਲਿਆ
ਘਟਨਾ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
Publish Date: Mon, 04 May 2026 05:48 PM (IST)
Updated Date: Tue, 05 May 2026 04:08 AM (IST)
ਸਰਬਜੀਤ ਸਿੰਘ ਛੀਨਾ,•ਪੰਜਾਬੀ ਜਾਗਰਣ, ਖਾਲੜਾ : ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ’ਚ ਬਚੇ ਖੁਚੇ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਮੁੜ ਸਾਹਮਣੇ ਆਉਣ ਲੱਗੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ਼ ਵਾਤਾਵਰਨ ਲਈ ਖ਼ਤਰਾ ਬਣ ਰਹੀਆਂ ਹਨ, ਸਗੋਂ ਸਰਕਾਰੀ ਸੰਪਤੀ ਤੇ ਹਰਿਆਵਲ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹਨ। ਸੜਕ ਦੇ ਨਾਲ ਨਾੜ ਨੂੰ ਅੱਗ ਲਾਉਣ ਨਾਲ ਸੜਕ ਕਿਨਾਰੇ ਲੱਗੇ ਰੁੱਖਾਂ ਦੇ ਸੜਕ ਨਾਲ ਵਾਤਾਵਰਨ ਦੂਸ਼ਿਤ ਹੋਣ ਤੋਂ ਇਲਾਵਾ ਕਾਲੇ ਧੂੰਏਂ ਨਾਲ ਅਕਸਰ ਰਾਹਗੀਰ ਲੋਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਦੇਖਦੇ ਹਾਂ।
ਇਸ ਸਬੰਧੀ ਤਾਜ਼ਾ ਮਾਮਲਾ ਖਾਲੜਾ ਤੋਂ ਥੋੜ੍ਹੀ ਦੂਰੀ ’ਤੇ ਸੂਏ ਨੇੜੇ ਖਾਲੜਾ-ਭਿੱਖੀਵਿੰਡ ਸੜਕ ਦਾ ਹੈ। ਜਿੱਥੇ ਖੇਤ ’ਚ ਲਾਈ ਗਈ ਨਾੜ ਦੀ ਅੱਗ ਨੇ ਸੜਕ ਕਿਨਾਰੇ ਵਣ ਵਿਭਾਗ ਵੱਲੋਂ ਲਾਏ ਗਏ ਹਰੇ-ਭਰੇ ਰੁੱਖਾਂ ਨੂੰ ਆਪਣੀ ਲਪੇਟ ’ਚ ਲੈ ਲਿਆ।
ਮੁਢਲੀ ਜਾਣਕਾਰੀ ਅਨੁਸਾਰ ਕਿਸੇ ਕਿਸਾਨ ਵੱਲੋਂ ਕਣਕ ਦੀ ਕਟਾਈ ਤੋਂ ਬਾਅਦ ਖੇਤ ਸਾਫ਼ ਕਰਨ ਲਈ ਨਾੜ ਨੂੰ ਅੱਗ ਲਾਈ ਗਈ ਸੀ। ਪਰ ਹਵਾ ਦੇ ਤੇਜ਼ ਹੋਣ ਕਾਰਨ ਅੱਗ ਨੇ ਅਚਾਨਕ ਭਿਆਨਕ ਰੂਪ ਧਾਰ ਲਿਆ ਤੇ ਸੜਕ ਨਾਲ ਲੱਗਦੇ ਰੁੱਖਾਂ ਤਕ ਫੈਲ ਗਈ। ਅੱਗ ਨੇ ਕੁਝ ਹੀ ਸਮੇਂ ’ਚ ਵੱਡੇ ਖੇਤਰ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਸੜਕ ਕਿਨਾਰੇ ਲੱਗੇ ਛੋਟੇ ਟਾਹਲੀ ਦੇ ਰੁੱਖ ਤੇ ਹੋਰ ਬੂਟੇ ਪੂਰੀ ਤਰ੍ਹਾਂ ਸੜ ਗਏ, ਜਦਕਿ ਕਈ ਵੱਡੇ ਰੁੱਖਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਘਟਨਾ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
====
ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਵਣ ਵਿਭਾਗ ਦੇ ਗਾਰਡ ਰਵਿੰਦਰ ਕੁਮਾਰ
ਇਸ ਸਬੰਧੀ ਵਣ ਵਿਭਾਗ ਦੇ ਗਾਰਡ ਰਵਿੰਦਰ ਕੁਮਾਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਿਸ ਵੀ ਕਿਸਾਨ ਵੱਲੋਂ ਵਣ ਵਿਭਾਗ ਦੀ ਜ਼ਮੀਨ ’ਤੇ ਲੱਗੇ ਰੁੱਖਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਸ ਦੇ ਖ਼ਿਲਾਫ਼ ਮੌਕੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੜਕਾਂ ਦੇ ਕਿਨਾਰੇ ਲਾਏ ਗਏ ਰੁੱਖ ਵਾਤਾਵਰਨ ਨੂੰ ਸਾਫ਼ ਤੇ ਹਰਿਆ-ਭਰਿਆ ਰੱਖਣ ਲਈ ਬਹੁਤ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਕਾਨੂੰਨੀ ਜ਼ੁਰਮ ਹੈ।